‘ਆਪ’ ਨੇ ਪੰਜਾਬੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਸਾਜ਼ਿਸ਼ ਘੜੀ: ਬਿੱਟੂ
ਉਜਵਲ ਜਲਾਲੀ
ਨਵੀਂ ਦਿੱਲੀ, 3 ਫਰਵਰੀ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ (ਆਪ) ਲਈ ਦਿੱਲੀ ਵਿੱਚ ਚੋਣ ਪ੍ਰਚਾਰ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਸ਼ਾਮ 5 ਵਜੇ ਤੱਕ ਸ਼ਹਿਰ ਛੱਡਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਥਿਤੀ ਨੂੰ ਸਿਆਸੀ ਲਾਹਾ ਲੈਣ ਦੀ ਸਾਜ਼ਿਸ਼ ਰਚੀ ਗਈ ਹੈ।
ਸੰਸਦ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ, ‘‘ਮੈਂ ਹਰੇਕ ਪੰਜਾਬੀ ਨੂੰ ਅੱਜ ਸ਼ਾਮ 5 ਵਜੇ ਤੱਕ ਪੰਜਾਬ ਪਰਤਣ ਦੀ ਬੇਨਤੀ ਕਰਦਾ ਹਾਂ ਕਿਉਂਕਿ ‘ਆਪ’ ਲੀਡਰਸ਼ਿਪ ਨੇ ਪਹਿਲਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਸਾਜ਼ਿਸ਼ ਰਚੀ ਹੈ ਅਤੇ ਮਗਰੋਂ ਸਥਿਤੀ ਨੂੰ ਇਹ ਦੋਸ਼ ਲਗਾਉਣ ਲਈ ਵਰਤਿਆ ਜਾਵੇਗਾ ਕਿ ਦਿੱਲੀ ਪੁਲੀਸ ਪੰਜਾਬੀਆਂ ’ਤੇ ਜ਼ੁਲਮ ਕਰ ਰਹੀ ਹੈ।’’ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ’ਤੇ ਕਈ ਮੀਡੀਆ ਕਰਮੀਆਂ ਨੂੰ ਨਿਊਜ਼ ਚੈਨਲਾਂ ਦੀ ਜਾਅਲੀ ਪਛਾਣ ਦੇ ਕੇ ਚੋਣਾਂ ਦੀ ਕਵਰੇਜ ਲਈ ਜ਼ਬਰਦਸਤੀ ਦਿੱਲੀ ਲਿਆਂਦਾ ਹੈ। ਬਿੱਟੂ ਨੇ ਕਿਹਾ, ‘‘ਉਨ੍ਹਾਂ ਨੂੰ ਝੁੱਗੀ-ਝੌਂਪੜੀ ਵਾਲੇ ਖੇਤਰਾਂ ਤੋਂ ਰਿਪੋਰਟ ਕਰਨ ਲਈ ਕਿਹਾ ਗਿਆ ਸੀ। ਜਦੋਂ ਉਨ੍ਹਾਂ ਨੂੰ ਫੜਿਆ ਗਿਆ ਤਾਂ ਪਤਾ ਲੱਗਾ ਕਿ ਇਹ ਸਾਰੇ ਗੈਰ-ਕਾਨੂੰਨੀ ਤੌਰ ’ਤੇ ਨਾਮ ਬਦਲ ਕੇ ਰਿਪੋਰਟ ਕਰ ਰਹੇ ਸਨ। ਪੰਜਾਬ ਦੇ ਇਨ੍ਹਾਂ ਬੱਚਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।