‘ਆਪ’ ਨੇ ‘ਆਯੂਸ਼ਮਾਨ’ ਯੋਜਨਾ ਲਾਗੂ ਨਹੀਂ ਕੀਤੀ: ਸਚਦੇਵਾ
ਨਵੀਂ ਦਿੱਲੀ, 14 ਜਨਵਰੀ
ਭਾਰਤੀ ਜਨਤਾ ਪਾਰਟੀ ਨੇ ਅੱਜ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ’ਤੇ ਰਾਜਧਾਨੀ ਵਿੱਚ ਆਯੂਸ਼ਮਾਨ ਭਾਰਤ ਯੋਜਨਾ ਯੋਜਨਾ ਨੂੰ ਲਾਗੂ ਨਾ ਕਰਨ ਦਾ ਦੋਸ਼ ਲਗਾਇਆ। ਭਾਜਪਾ ਦੇ ਸੂਬਾਈ ਪ੍ਰਧਾਨ ਵਰਿੰਦਰ ਸਚਦੇਵਾ ਨੇ ਇਹ ਦੋਸ਼ ਲਗਾਉਂਦਿਆਂ ਕਿਹਾ ਕਿ ਦਿੱਲੀ ਵਿੱਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ 2,400 ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਆਏ ਸਨ, ਜਿਨ੍ਹਾਂ ਨੂੰ ‘ਆਪ’ ਸਰਕਾਰ ਨੇ ਸਵੀਕਾਰ ਨਹੀਂ ਕੀਤਾ। ਇਸ ਕਾਰਨ ਦਿੱਲੀ ਵਾਸੀ ਵਧੀਆ ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਗਏ। ਉਨ੍ਹਾਂ ਕਿਹਾ ਕਿ ਰਾਜਸੀ ਕਾਰਨਾਂ ਕਾਰਨ ਸੱਤਾਧਾਰੀ ਪਾਰਟੀ ਦੀ ਸਰਕਾਰ ਨੇ ‘ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ’ ਦਿੱਲੀ ਵਿੱਚ ਲਾਗੂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮਗਰੋਂ ਭਾਜਪਾ ਦੇ ਲੋਕ ਸਭਾ ਮੈਂਬਰਾਂ ਨੇ ਇਹ ਯੋਜਨਾ ਨੂੰ ਲਾਗੂ ਕਰਵਾਉਣ ਲਈ ਅਦਾਲਤ ਦਾ ਰੁਖ਼ ਕੀਤਾ ਸੀ ਪਰ ਆਮ ਆਦਮੀ ਪਾਰਟੀ ਨੇ ਅਜੇ ਤੱਕ ਇਸ ਯੋਜਨਾ ਨੂੰ ਲਾਗੂ ਨਹੀਂ ਕੀਤਾ। ਇਸ ਯੋਜਨਾ ਨੂੰ ਚੋਣ ਜ਼ਾਬਤਾ ਲਾਗੂ ਹੋ ਜਾਣ ਮਗਰੋਂ ਵੀ ਚਾਲੂ ਕੀਤਾ ਜਾ ਸਕਦਾ ਸੀ ਪਰ ਰਾਜਸੀ ਬਦਲਾਖੋਰੀ ਕਾਰਨ ‘ਆਪ’ ਸਰਕਾਰ ਨੇ ਅਜਿਹਾ ਨਹੀਂ ਕੀਤਾ। ਇਸ ਮੌਕੇ ਲੋਕ ਸਭਾ ਮੈਂਬਰ ਬਾਂਸੁਰੀ ਸਵਰਾਜ, ਰਾਮਵੀਰ ਸਿੰਘ ਬਿਧੂੜੀ ਅਤੇ ਹੋਰ ਆਗੂ ਵੀ ਹਾਜ਼ਰ ਸਨ। ਸ੍ਰੀ ਸਚਦੇਵਾ ਨੇ ਕਿਹਾ ਕਿ ਉਹ ਅਦਾਲਤ ਤੋਂ ਦਿੱਲੀ ਸਰਕਾਰ ਨੂੰ ਹੁਕਮ ਜਾਰੀ ਕਰਨ ਦੀ ਮੰਗ ਕਰਦੇ ਹਨ ਕਿਉਂਕਿ ਆਯੂਸ਼ਮਾਨ ਭਾਰਤ ਯੋਜਨਾ ਨੂੰ ਲੋਕਾਂ ਦੇ ਲਾਭ ਲਈ ਲਾਗੂ ਕਰਨ ਦੀ ਜ਼ਰੂਰਤ ਹੈ। ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ‘ਆਪ’ ਸਰਕਾਰ ਨੇ ਦਿੱਲੀ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਕੇਂਦਰੀ ਯੋਜਨਾ ਸਣੇ ਇਸ ਲਈ ਆਏ 2,400 ਕਰੋੜ ਰੁਪਏ ਠੁਕਰਾ ਦਿੱਤੇ। ਉਧਰ, ‘ਆਪ’ ਸਰਕਾਰ ਨੇ ਦਿੱਲੀ ਵਿੱਚ ਆਯੂਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰਨ ਦੀ ਮੰਗ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਉਹ ਮੁਫ਼ਤ ਸਿਹਤ ਸਹੂਲਤਾਂ ਦੇ ਰਹੀ ਹੈ, ਜਦੋਂਕਿ ਕੇਂਦਰ ਦੀ ਯੋਜਨਾ ਦਾ ਲਾਭ ਲੈਣ ਲਈ ਇੱਛੁਕ ਲਾਭਪਾਤਰੀਆਂ ਲਈ ਕਈ ਸ਼ਰਤਾਂ ਜ਼ਰੂਰੀ ਹਨ। -ਪੀਟੀਆਈ