‘ਆਪ’ ਨੇ ਨਿਗਮ ਮੁਲਾਜ਼ਮਾਂ ਦੇ ਦਿਨ ਬਦਲੇ: ਸ਼ੈਲੀ ਓਬਰਾਏ
ਨਵੀਂ ਦਿੱਲੀ, 11 ਨਵੰਬਰ
ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਅੱਜ ਇੱਥੇ ਕਿਹਾ ਕਿ ਭਾਜਪਾ ਦੇ ਸ਼ਾਸਨ ਦੌਰਾਨ ਨਗਰ ਨਿਗਮ ਕਰਮਚਾਰੀ ‘ਕਾਲੀ ਦੀਵਾਲੀ’ ਦੇਖਦੇ ਰਹੇ ਹਨ ਪਰ ਆਮ ਆਦਮੀ ਪਾਰਟੀ (ਆਪ) ਸ਼ਾਸਿਤ ਨਿਗਮ ਨੇ ਹੁਣ ਸਥਿਤੀ ਬਦਲ ਦਿੱਤੀ ਹੈ। ਉਨ੍ਹਾਂ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ‘ਆਪ’ ਹਮੇਸ਼ਾ ਮੁਲਾਜ਼ਮਾਂ ਦੇ ਹੱਕ ਵਿੱਚ ਰਹੀ ਹੈ ਅਤੇ ਉਨ੍ਹਾਂ ਨਾਲ ਆਪਣੇ ਪਰਿਵਾਰਕ ਮੈਂਬਰਾਂ ਵਾਂਗ ਵਿਹਾਰ ਕੀਤਾ ਹੈ। ਮੇਅਰ ਨੇ ਨਗਰ ਨਿਗਮ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੋਸ਼ ਲਾਇਆ, ‘‘ਪਿਛਲੇ 15 ਸਾਲਾਂ ਤੋਂ ਭਾਜਪਾ ਨਿਗਮ ’ਤੇ ਰਾਜ ਕਰ ਰਹੀ ਸੀ ਅਤੇ ਇਸ ਦੌਰਾਨ ਮੁਲਾਜ਼ਮਾਂ ਨੇ ਸਿਰਫ ਸਮੱਸਿਆਵਾਂ ਹੀ ਦੇਖੀਆਂ। ਉਨ੍ਹਾਂ ਨੂੰ ਤਨਖਾਹਾਂ ਲੈਣ ਲਈ ਹੜਤਾਲ ’ਤੇ ਬੈਠਣਾ ਪਿਆ, ਬੋਨਸ ਲਈ ਸੰਘਰਸ਼ ਕਰਨਾ ਪਿਆ ਅਤੇ ਆਪਣੇ ਹੱਕਾਂ ਲਈ ਦਰ-ਦਰ ਘਰ ਭਟਕਣਾ ਪਿਆ। ਹੁਣ ‘ਆਪ’ ਸੱਤਾ ਵਿੱਚ ਹੈ ਅਤੇ ਵਰਕਰਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨਾਲ ਆਪਣੇ ਪਰਿਵਾਰਕ ਮੈਂਬਰਾਂ ਵਾਂਗ ਵਿਹਾਰ ਕਰਦੀ ਹੈ।’’ ਉਨ੍ਹਾਂ ਕਿਹਾ ਕਿ ਐੱਮਸੀਡੀ ’ਚ ‘ਆਪ’ ਦੇ ਸੱਤਾ ’ਚ ਆਉਣ ਤੋਂ ਬਾਅਦ ਇਹ ਪਹਿਲੀ ਦੀਵਾਲੀ ਹੈ। ਹੁਣ ਉਨ੍ਹਾਂ ਨੂੰ ਸਮੇਂ ਸਿਰ ਤਨਖਾਹ ਮਿਲ ਰਹੀ ਹੈ। ਉਨ੍ਹਾਂ ਨੂੰ ਬੋਨਸ ਵੀ ਦਿੱਤਾ ਗਿਆ ਹੈ ਅਤੇ ਰੈਗੂਲਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ‘ਆਪ’ ਪਿਛਲੇ ਸਾਲ 4 ਦਸੰਬਰ ਨੂੰ ਨਗਰ ਨਿਗਮ ਚੋਣਾਂ ’ਚ ਭਾਜਪਾ ਨੂੰ ਹਰਾ ਕੇ ਸੱਤਾ ’ਚ ਆਈ ਸੀ। ਇਸ ਤੋਂ ਪਹਿਲਾਂ 15 ਸਾਲ ਤੱਕ ਨਿਗਮ ’ਚ ਭਾਜਪਾ ਸੱਤਾ ’ਚ ਸੀ। -ਪੀਟੀਆਈ