‘ਆਪ’ ਸਰਕਾਰ ਦੀ ਖਿੱਚੋਤਾਣ ਨੇ ਆਰਥਿਕਤਾ ਨੂੰ ਢਾਹ ਲਾਈ: ਬਾਜਵਾ
ਸਰਬਜੀਤ ਸਿੰਘ ਭੰਗੂ
ਘਨੌਰ/ਸਨੌਰ, 19 ਅਕਤੂਬਰ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਘਨੌਰ ਤੇ ਸਨੌਰ ਅਨਾਜ ਮੰਡੀਆਂ ਦਾ ਦੌਰਾ ਕਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਆਖਿਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤਾਂ ਪਹਿਲਾਂ ਹੀ ਪੰਜਾਬ, ਪੰਜਾਬੀਅਤ, ਮਿਹਨਤਕਸ਼ ਲੋਕਾਂ, ਕਿਸਾਨਾਂ ਤੇ ਮਜ਼ਦੂਰਾਂ ਸਣੇ ਖੇਤੀ ਧੰਦੇ ਤਬਾਹ ਕਰਨ ’ਤੇ ਤੁਲੀ ਹੋਈ ਹੈ ਅਤੇ ਹੁਣ ‘ਆਪ’ ਵੀ ਉਸ ਦੇ ਹੀ ਰਾਹ ’ਤੇ ਚੱਲਦਿਆਂ ਸੂੁਬੇ ਦੇ ਆਰਥਿਕਤਾ ਨੂੰ ਢਾਹ ਲਾ ਰਹੀ ਹੈ। ਬਾਜਵਾ ਨੇ ਆਖਿਆ, ‘‘ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਪੰਜਾਬ ਦੇ ਸੋਮੇ ਆਪਣੇ ਆਕਾਵਾਂ ਨੂੰ ਦੋਵੇਂ ਹੱਥੀਂ ਲੁਟਾ ਰਹੇ ਹਨ ਉਥੇ ਹੀ ਕਿਸਾਨਾਂ ਨੂੰ ਵੀ ਤਬਾਹੀ ਵੱਲ ਧੱਕ ਰਹੇ ਹਨ।’’ ਇਸ ਮੌਕੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਸਨੌਰ ਦੇ ਹਲਕਾ ਇੰਚਾਰਜ ਹੈਰੀਮਾਨ, ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਮੌਜੂਦ ਸਨ।
ਘਨੌਰ ਵਿੱਚ ਪ੍ਰਤਾਪ ਬਾਜਵਾ ਨੇ ਕਿਹਾ, ‘‘ਕਥਿਤ ਸਾਜ਼ਿਸ਼ਘਾੜਿਆਂ ਨੇ ਖੇਤੀ ਪ੍ਰਧਾਨ ਸੂਬੇ ਪੰਜਾਬ ਨੂੰ ਅੱਜ ਖੇਤੀ ਸਬੰਧੀ ਮੁਸ਼ਕਲਾਂ ’ਚ ਹੀ ਉਲਝਾ ਕੇ ਰੱਖ ਦਿੱਤਾ ਹੈ। ਖੇਤੀਬਾੜੀ ਖੇਤਰ ਲਈ ਗੰਭੀਰ ਸਮੱਸਿਆਵਾਂ ਪੈਦਾ ਕੀਤੀਆਂ ਹਨ ਅਤੇ ਇਨ੍ਹਾਂ ਸਮੱਸਿਆਵਾਂ ਦੇ ਗੰਭੀਰ ਸਿੱਟੇ ਨਿਕਲਣ ਦੀਆਂ ਸੰਭਾਵਨਾਵਾਂ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।’’ ਉਨ੍ਹਾਂ ਚਿਤਾਵਨੀ ਦਿੱਤੀ ਕਿ ਖੇਤੀ ਸੰਕਟ ਨਾਲ ਨਜਿੱਠਣ ਲਈ ਵਰਤੇ ਜਾ ਰਹੇ ਗਲਤ ਢੰਗ ਤਰੀਕੇ ਕਾਨੂੰਨ ਅਤੇ ਵਿਵਸਥਾ ਦਾ ਗੰਭੀਰ ਮੁੱਦਾ ਵੀ ਪੈਦਾ ਕਰ ਸਕਦੇ ਹਨ। ਉਨ੍ਹਾਂ ਨੇ ਇਸ ਸਭ ਲਈ ਭਾਜਪਾ ਅਤੇ ‘ਆਪ’ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ਬਾਜਵਾ ਨੇ ਖੇਤੀ ਸੈਕਟਰ ਖਾਸ ਕਰ ਝੋਨੇ ਦੀ ਖਰੀਦ ਦੌਰਾਨ ਮੰਡੀ ’ਚ ਮੌਜੂਦਾ ਹਾਲਾਤ ਤੋਂ ਸੂਬੇ ਦੀ ਆਰਥਿਕਤਾ ਨੂੰ ਹੋਰ ਨੁਕਸਾਨ ਹੋਣ ਦਾ ਹਵਾਲਾ ਦਿੰਦਿਆਂ ਆਖਿਆ, ‘‘ਇਸ ਆਰਥਿਕ ਸੰਕਟ ਤੋਂ ਬਚਣ ਲਈ ਮਾਨ ਸਰਕਾਰ ਕਿਸਾਨਾ ਨੂੰ ਫੌਰੀ ਮੁਆਵਜ਼ੇ ਅਦਾ ਕਰੇ ਕਿਉਂਕਿ ਕਿਸਾਨਾਂ ਦੀ ਅਜਿਹੀ ਤਰਸਯੋਗ ਹਾਲਤ ਲਈ ਕੇਂਦਰ ਤੇ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।’’
ਕਿਸਾਨਾਂ, ਅੜ੍ਹਤੀਆਂ ਤੇ ਸ਼ੈੱਲਰ ਮਾਲਕਾਂ ਨਾਲ ਗੱਲਬਾਤ ਕੀਤੀ
ਬਾਜਵਾ ਨੇ ਕਿਸਾਨਾਂ, ਅੜ੍ਹਤੀਆਂ ਤੇ ਰਾਈਸ ਸ਼ੈਲਰ ਮਾਲਕਾਂ ਸਣੇ ਮੰਡੀ ਵਿਚਲੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ ਤੇ ਝੋਨੇ ਦੀ ਖ਼ਰੀਦ ਸਬੰਧੀ ਸੰਕਟ ’ਤੇ ਨਿਰਾਸ਼ਾ ਜ਼ਾਹਿਰ ਕੀਤੀ। ਉਨ੍ਹਾਂ ਆਖਿਆ ਕਿ ‘ਆਪ’ ਸਰਕਾਰ ਜਿਣਸ ਦੇ ਭੰਡਾਰਨ ਤੇ ਖਰੀਦ ਸਮੇਤ ਮੰਡੀ ਸੀਜਨ ਦੇ ਹੋਰ ਨਾਜ਼ੁਕ ਤੇ ਅਹਿਮ ਮੁੱਦਿਆਂ ਨੂੰ ਹੱਲ ਕਰਨ ਅਸਫ਼ਲ ਰਹੀ ਹੈ ਤੇ ਇਨ੍ਹਾਂ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਲਈ ਹੀ ਝੋਨੇ ਦੇ ਸੀਜ਼ਨ ਦੌਰਾਨ ਜਾਣਬੁੱਝ ਕੇ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਗਈਆਂ।