‘ਆਪ’ ਸਰਕਾਰ ਨੇ ਜ਼ੀਰਕਪੁਰ ਸ਼ਹਿਰ ਨੂੰ ਬਰਬਾਦ ਕੀਤਾ: ਸ਼ਰਮਾ
ਹਰਜੀਤ ਸਿੰਘ
ਜ਼ੀਰਕਪੁਰ, 25 ਸਤੰਬਰ
ਸ਼੍ਰੋਮਣੀ ਅਕਾਲੀ ਦਲ ਤੋਂ ਸਾਬਕਾ ਵਿਧਾਇਕ ਐਨਕੇ ਸ਼ਰਮਾ ਨੇ ਅੱਜ ਪ੍ਰੈਸ ਕਾਨਫਰੰਸ ਕਰ ਕੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜ਼ੀਰਕਪੁਰ ਸ਼ਹਿਰ ਨੂੰ ਬਰਬਾਦ ਕਰ ਰੱਖ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਪੱਖੋਂ ਸ਼ਹਿਰ ਪੂਰੀ ਤਰ੍ਹਾਂ ਪਛੜ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ 24 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਪਈ ਹੈ। ਲੋਕਾਂ ਦੇ ਕੋਈ ਸਾਰ ਨਹੀਂ ਲੈ ਰਿਹਾ ਹੈ ਜਿਸ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਹਲਕਾ ਡੇਰਾਬੱਸੀ ਵਿੱਚ ਲਗਾਤਾਰ ਵੱਸੋਂ ਵਧ ਰਹੀ ਹੈ ਜਦੋਂਕਿ ਵਿਕਾਸ ਦਾ ਕੋਈ ਕੰਮ ਚਾਲੂ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਹਲਕੇ ਵਿੱਚ ਕੋਈ ਵੀ ਨਵਾਂ ਬਿਜਲੀ ਦਾ ਗਰਿੱਡ ਸਥਾਪਤ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਪੁਰਾਣੇ ਟਰਾਂਸਫਾਰਮਰਾਂ ’ਤੇ ਲੋਡ ਵਧ ਗਿਆ ਹੈ ਪਰ ਉਨ੍ਹਾਂ ਨੂੰ ਬਦਲਣ ਵਾਲੇ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਜੇ ਸੋਮਵਾਰ ਤੱਕ ਸ਼ਹਿਰ ਵਿੱਚ ਬਿਜਲੀ ਸਪਲਾਈ ਦਰੁਸਤ ਨਾ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਸ਼ਹਿਰ ਵਾਸੀਆਂ ਨੇ ਨਾਲ ਰਲ ਕੇ ਪਾਵਰਕੌਮ ਦੇ ਐਕਸੀਅਨ ਦੇ ਦਫ਼ਤਰ ਅੱਗੇ ਧਰਨਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਹਲਕੇ ਵਿੱਚ ਨਾਜਾਇਜ਼ ਖਣਨ ਜ਼ੋਰਾਂ ’ਤੇ ਹੈ। ਖਣਨ ਮਾਫੀਆ ਸਰਕਾਰ ਦੀ ਕਥਿਤ ਸ਼ਹਿ ’ਤੇ ਖੁੱਲ੍ਹੇਆਮ ਪਿੰਡਾਂ ਵਿੱਚ ਘੱਗਰ ਨਦੀ, ਇਸ ਦੇ ਨੇੜਲੀਆਂ ਜ਼ਮੀਨਾਂ ਤੋਂ ਰੇਤੇ ਅਤੇ ਕਿਸਾਨਾਂ ਦੀ ਜ਼ਮੀਨਾਂ ਤੋਂ ਮਿੱਟੀ ਚੁੱਕ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ, ਗਲੀਆਂ ਟੁੱਟੀਆਂ ਪਈਆਂ ਹਨ ਜਿਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ।