ਝੂਠ ਦੀ ਨੀਂਹ ’ਤੇ ਟਿਕੀ ਹੈ ‘ਆਪ’ ਸਰਕਾਰ: ਅਰਵਿੰਦ ਖੰਨਾ
ਨਿੱਜੀ ਪੱਤਰ ਪ੍ਰੇਰਕ
ਸੁਨਾਮ, 10 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਕਿਹਾ ਕਿ ਭਾਰਤ ਨੂੰ ਵੰਡਣ ਵਾਲੀ ਕਾਂਗਰਸ ਹੁਣ ਭਾਰਤ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਪੁੱਛਿਆ ਕਿ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਵਾਲੀ ਕਾਂਗਰਸ ਹੁਣ ਕੇਂਦਰ ਸਰਕਾਰ ਵੱਲੋਂ ਭਾਰਤ ਸ਼ਬਦ ਦੀ ਵਰਤੋਂ ’ਤੇ ਇਤਰਾਜ਼ ਕਿਉਂ ਕਰ ਰਹੀ ਹੈ। ਸਥਾਨਕ ਪੁਰਾਣੀ ਅਨਾਜ ਮੰਡੀ ਵਿੱਚ ਸੰਜੇ ਗੋਇਲ ਦੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਖੰਨਾ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ 303 ਤੋਂ ਵੱਧ ਸੀਟਾਂ ਜਿੱਤ ਕੇ ਮੁੜ ਸੱਤਾ ਵਿੱਚ ਆਏਗੀ। ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਦੋਵੇਂ ਪਾਰਟੀਆਂ ਇਕ ਦੂਜੇ ’ਤੇ ਗੰਭੀਰ ਦੋਸ਼ ਲਗਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਝੂਠ ਦੀ ਨੀਂਹ ’ਤੇ ਖੜ੍ਹੀ ਹੈ। ਦੇਸ਼ ਵਿੱਚ ਜੇਕਰ ਕੋਈ ਸਭ ਤੋਂ ਵੱਧ ਝੂਠ ਬੋਲਣ ਵਿੱਚ ਮਾਹਰ ਹੈ ਤਾਂ ਉਹ ਹੈ ਆਮ ਆਦਮੀ ਪਾਰਟੀ ਦੇ ਆਗੂ ਹਨ। ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਆਪਣੇ ਸਿਖਰ ‘ਤੇ ਹੈ। ਇਸ ਮੌਕੇ ਸੂਬਾ ਸਕੱਤਰ ਦਮਨ ਥਿੰਦ ਬਾਜਵਾ, ਧਰਮਿੰਦਰ ਸਿੰਘ ਦੁੱਲਟ, ਹਰੀਸ਼ ਟੁਟੇਜਾ, ਡਾ: ਜਗਮਿੰਦਰ ਸੈਣੀ, ਸ਼ੰਕਰ ਬਾਂਸਲ, ਚੰਦ ਸਿੰਘ, ਯੋਗੇਸ਼ ਗਰਗ, ਰੁਲਦੂ ਰਾਮ ਗੁਪਤਾ ਆਦਿ ਹਾਜ਼ਰ ਸਨ।