ਬਿਨਾ ਤਜਰਬੇ ਤੋਂ ਚੱਲ ਰਹੀ ਹੈ ‘ਆਪ’ ਸਰਕਾਰ: ਪ੍ਰਤਾਪ ਬਾਜਵਾ
ਐਨ ਪੀ ਧਵਨ
ਪਠਾਨਕੋਟ, 1 ਅਕਤੂਬਰ
ਇੱਥੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਭਿਯਮ ਸ਼ਰਮਾ ਐਡਵੋਕੇਟ ਦਾ ਤਾਜਪੋਸ਼ੀ ਸਮਾਗਮ ਕੀਤਾ ਗਿਆ ਜਿਸ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਇਨ੍ਹਾਂ ਦੇ ਇਲਾਵਾ ਯੂਥ ਕਾਂਗਰਸ ਦੇ ਕੌਮੀ ਸਕੱਤਰ ਅਜੈ ਚਿਗਾਰਾ, ਸਕੱਤਰ ਯੂਥ ਕਾਂਗਰਸ ਦੀਪਕ ਖੋਸਲਾ, ਸੁਜਾਨਪੁਰ ਦੇ ਵਿਧਾਇਕ ਨਰੇਸ਼ ਪੁਰੀ, ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ, ਸਾਬਕਾ ਵਿਧਾਇਕ ਰਮਨ ਭੱਲਾ, ਵਨਿੈ ਮਹਾਜਨ, ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਸ਼ਾਮਲ ਹੋਏ।
ਵਿਰੋਧੀ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ-ਕੱਲ੍ਹ ਦੇ ਹਾਲਾਤ ਵਿੱਚ ਅਭਿਯਮ ਵਰਗੇ ਨੌਜਵਾਨ ਆਗੂਆਂ ਦੀ ਬੇਹੱਦ ਲੋੜ ਹੈ, ਜੋ ਕਾਂਗਰਸ ਪਾਰਟੀ ਨੂੰ ਮੁੜ ਸੁਰਜੀਤ ਕਰਨ ਵਿੱਚ ਨਾ ਕੇਵਲ ਇੱਕ ਸਰਗਰਮ ਭੂਮਿਕਾ ਨਿਭਾਉਣਗੇ ਬਲਕਿ ਗਰੀਬ ਵਰਗ ਦੇ ਲੋਕਾਂ ਦੀਆਂ ਬਾਹਾਂ ਵੀ ਬਣਨਗੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਸਭ ਨੂੰ ਨਿੱਜੀ ਮੱਤਭੇਦ ਭੁੱਲ ਕੇ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ ਅਤੇ ਧਰਮ, ਜਾਤੀ, ਭਾਸ਼ਾ ਆਦਿ ਦੇ ਆਧਾਰ ’ਤੇ ਭਾਰਤ ਮਾਤਾ ਦੇ ਟੁਕੜੇ-ਟੁਕੜੇ ਕਰਨ ਵਾਲੀਆਂ ਸਾਜਿਸ਼ਾਂ ਨੂੰ ਨਾਕਾਮ ਕਰਨਾ ਪਵੇਗਾ। ਇਸ ਕਰਕੇ ਅਭਿਯਮ ਵਰਗੇ ਨੌਜਵਾਨ ਆਗੂਆਂ ਨੂੰ ਪੂਰੀ ਤਨਦੇਹੀ ਨਾਲ ਨੌਜਵਾਨ ਵਰਗ ਵਿੱਚ ਇੱਕ ਨਵਾਂ ਜੋਸ਼ ਭਰਨਾ ਪਵੇਗਾ ਅਤੇ ਖੁੱਲ੍ਹੇ ਮਨ ਨਾਲ ਸਭਨਾਂ ਦੀ ਸਹਾਇਤਾ ਲਈ ਤਤਪਰ ਰਹਿਣਾ ਪਵੇਗਾ।
ਮੌਜੂਦਾ ਸਰਕਾਰ ’ਤੇ ਤੰਜ਼ ਕੱਸਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਨੁਭਵਹੀਣ ਸਰਕਾਰ ਬਿਨਾ ਮਲਾਹ ਦੀ ਬੇੜੀ ਹੁੰਦੀ ਹੈ। ਇਹੀ ਕਾਰਨ ਹੈ ਕਿ ਪੰਜਾਬ ਅੰਦਰ ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ। ਇਸ ਮੌਕੇ ਵਿਧਾਇਕ ਨਰੇਸ਼ ਪੁਰੀ, ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।