‘ਆਪ’ ਸਰਕਾਰ ਪੰਜਾਬੀਆਂ ਨੂੰ ਗੁਮਰਾਹ ਕਰ ਰਹੀ ਹੈ: ਖਨੌੜਾ
ਪੱਤਰ ਪ੍ਰੇਰਕ
ਪਟਿਆਲਾ, 2 ਸਤੰਬਰ
‘‘ਪੰਚਾਇਤੀ ਚੋਣਾਂ ਪਹਿਲਾਂ ਕਦੇ ਵੀ ਕਿਸੇ ਪਾਰਟੀ ਦੇ ਚੋਣ ਨਿਸ਼ਾਨ ’ਤੇ ਨਹੀਂ ਹੁੰਦੀਆਂ ਸਨ, ਇਹ ‘ਆਪ’ ਸਰਕਾਰ ਦਾ ਲੋਕਾਂ ਨੂੰ ਗੁਮਰਾਹ ਕਰਨ ਵਾਲਾ ਫ਼ੈਸਲਾ ਹੈ।’’ ਇਹ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਪੰਜਾਬ ਕੈਬਨਿਟ ਦੇ ਉਸ ਫ਼ੈਸਲੇ ’ਤੇ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਮੀਦਵਾਰ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ’ਤੇ ਨਹੀਂ ਲੜ ਸਕਣਗੇ। ਇਥੇ ਗੱਲਬਾਤ ਕਰਦਿਆਂ ਸ੍ਰੀ ਖਨੌੜਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਹੋਈ ਬੁਰੀ ਤਰ੍ਹਾਂ ਹੋਈ ਹਾਰ ਤੋਂ ਡਰੀ ਹੋਈ ‘ਆਪ’ ਸਰਕਾਰ ਨੂੰ ਪਿੰਡਾਂ ਵਿੱਚ ਸਰਪੰਚ ਅਤੇ ਸਮਿਤੀ ਚੋਣਾਂ ਲੜਨ ਵਾਲੇ ਉਮੀਦਵਾਰ ਨਹੀਂ ਮਿਲ ਰਹੇ, ਜਿਸ ਕਰ ਕੇ ਸਰਕਾਰ ਵੱਲੋਂ ਅਜਿਹੇ ਬੇਤੁਕੇ ਬਿਆਨ ਅਤੇ ਕੈਬਨਿਟ ਦੇ ਫ਼ੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਚੰਗਾ ਅਸਰ ਰਸੂਖ਼ ਰੱਖਦੇ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਬਾਅਦ ਵਿੱਚ ਡਰਾ ਧਮਕਾ ਕੇ ਅਤੇ ਲਾਲਚ ਦੇ ਕੇ ਆਪਣੇ ਨਾਲ ਲਾਉਣ ਦੇ ‘ਆਪ’ ਸਰਕਾਰ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿਆਂਗੇ । ਖਨੌੜਾ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਵੱਡੇ ਪੱਧਰ ’ਤੇ ਚੋਣਾਂ ਜਿੱਤ ਕੇ ਪੰਚਾਇਤ, ਬਲਾਕ ਸਮਿਤੀ ਅਤੇ ਜ਼ਿਲ੍ਹਾ ਸਮਿਤੀ ’ਤੇ ਕਾਬਜ਼ ਹੋਣਗੇ।