‘ਆਪ’ ਸਰਕਾਰ ਨੇ ਪੰਜਾਬ ’ਤੇ ਅਰਬਾਂ ਦਾ ਕਰਜ਼ਾ ਚੜ੍ਹਾਇਆ: ਸਿੰਗਲਾ
ਖੇਤਰੀ ਪ੍ਰਤੀਨਿਧ
ਬਰਨਾਲਾ, 12 ਨਵੰਬਰ
ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। ਇਥੋਂ ਦੇ ਵਾਰਡ ਨੰਬਰ-7 ਦੀ ਮਿੱਤਲ ਸਟਰੀਟ ਵਿੱਚ ਹਲਕਾ ਯੂਥ ਪ੍ਰਧਾਨ ਲੱਕੀ ਕੰਡਾ ਦੀ ਅਗਵਾਈ ’ਚ ਕਰਵਾਏ ਸਮਾਗਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮੋਹਿੰਦਰਾ ਵੱਲੋਂ ਪ੍ਰਚਾਰ ਕੀਤਾ ਗਿਆ।
ਇਸ ਮੌਕੇ ਵਿਜੈਇੰਦਰ ਸਿੰਗਲਾ ਤੇ ਮੋਹਿਤ ਮੋਹਿੰਦਰਾ ਨੇ ਬਰਨਾਲਾ ਜ਼ਿਮਨੀ ਚੋਣ ’ਚ ਕਾਂਗਰਸ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਦੀਆਂ ਚੋਣ ਰੈਲੀਆਂ ਤੇ ਮੀਟਿੰਗਾਂ ’ਚ ਲੋਕਾਂ ਦਾ ਆਪਮੁਹਾਰੇ ਵੱਡੀ ਗਿਣਤੀ ’ਚ ਪਹੁੰਚਣਾ ਸਪੱਸ਼ਟ ਕਰਦਾ ਹੈ ਕਿ ਕਾਂਗਰਸ ਵੱਡੀ ਲੀਡ ਨਾਲ ਇਹ ਸੀਟ ਜਿੱਤਣ ਜਾ ਰਹੀ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵਰ੍ਹਦਿਆਂ ਆਗੂਆਂ ਕਿਹਾ ਕਿ ਦਿੱਲੀ ਤੋਂ ਚੱਲ ਰਹੀ ‘ਆਪ’ ਸਰਕਾਰ ਨੇ ਅਰਬਾਂ ਰੁਪਏ ਦਾ ਪੰਜਾਬ ’ਤੇ ਕਰਜ਼ਾ ਚਾੜ੍ਹ ਦਿੱਤਾ ਹੈ ਤੇ ਵਿਸ਼ਵ ਬੈਂਕ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਹੁਣ ਤਾਂ ਸਰਕਾਰੀ ਜ਼ਮੀਨਾਂ ਵੇਚ ਕੇ ਸਰਕਾਰ ਚਲਾਉਣ ਦੀਆਂ ਸਕੀਮਾਂ ਨੇ ਪੰਜਾਬ ਵਾਸੀਆਂ ਨੂੰ ਸੋਚਾਂ ’ਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਆਪਣੇ ‘ਆਪ’ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਤੇ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਪਛਤਾ ਰਹੇ ਹਨ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਰੁਣਪ੍ਰਤਾਪ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਨਰਿੰਦਰ ਸ਼ਰਮਾ, ਸੂਰਤ ਸਿੰਘ ਬਾਜਵਾ, ਬਲਦੇਵ ਸਿੰਘ, ਬਾਜ ਸਿੰਘ ਰਟੌਲ, ਜਗਤਾਰ ਦੇਹੀਆ, ਸਰਬਜੀਤ ਕੌਰ ਖੁੱਡੀ, ਰੌਬਿਨ ਖਿੱਪਲ, ਕਾਲਾ ਬੈਟਰੀਆਂ ਵਾਲਾ, ਮਦਨ ਮਿੱਤਲ, ਪ੍ਰਵੀਨ ਮਿੱਤਲ ਮੌਜੂਦ ਸਨ।