‘ਆਪ’ ਸਰਕਾਰ ਨੇ ਹਲਕੇ ਨੂੰ ਵਿਕਾਸ ਪੱਖੋਂ ਪਛਾੜਿਆ: ਢਿੱਲੋਂ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 28 ਮਈ
ਪਟਿਆਲਾ ਲੋਕ ਸਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ਵਿੱਚ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵੱਲੋਂ ਪੰਜਾਬ ਮਾਡਰਨ ਕੰਪਲੈਕਸ ਕਲੋਨੀ ਵਿੱਚ ਚੋਣ ਸਭਾ ਕੀਤੀ ਗਈ। ਇਸ ਮੌਕੇ ਸ੍ਰੀ ਢਿੱਲੋਂ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ’ਤੇ ਵਰ੍ਹਦਿਆਂ ਕਿਹਾ ਕਿ ਉਹ ਇਲਾਕੇ ਦੀ ਬਿਲਕੁਲ ਵੀ ਸਾਰ ਨਹੀਂ ਲੈ ਰਹੇ ਹਨ, ਜਿਸ ਕਾਰਨ ਵਿਕਾਸ ਪਖੋਂ ਹਲਕਾ ਪੱਛੜਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਵੱਡੀ ਲੀਡ ਨਾਲ ਜਿੱਤਵਾ ਕੇ ਭਰੋਸਾ ਦਿੱਤਾ ਸੀ ਪਰ ਉਹ ਲੋਕਾਂ ਦੇ ਹੱਥ ਬੁਰੀ ਤਰ੍ਹਾਂ ਨਿਰਾਸ਼ਾ ਲੱਗੀ ਹੈ। ਸ੍ਰੀ ਢਿੱਲੋਂ ਨੇ ਆਪਣੀ ਸਰਕਾਰ ਵੇਲੇ ਕਰਵਾਏ ਗਏ ਵਿਕਾਸ ਕਾਰਜ ਗਿਣਵਾਉਂਦੇ ਇਸ ਵਾਰ ਕਾਂਗਰਸ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਇੱਕ ਇਮਾਨਦਾਰ ਆਗੂ ਹਨ, ਜਿਨ੍ਹਾਂ ਨੂੰ ਜਿੱਤਵਾ ਕੇ ਲੋਕ ਸਭਾ ਵਿੱਚ ਭੇਜਣ ਨਾਲ ਇਲਾਕੇ ਦੇ ਵਿਕਾਸ ਵਿੱਚ ਤੇਜ਼ੀ ਆਏਗੀ। ਸ੍ਰੀ ਢਿੱਲੋਂ ਵੱਲੋਂ ਇਸ ਮੌਕੇ ਕਲੋਨੀ ਦੇ ਪ੍ਰਧਾਨ ਸ੍ਰੀ ਅਰਵਿੰਦ ਰਾਣਾ ਨੂੰ ਬਲਾਕ ਕਾਂਗਰਸ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਕਲੋਨੀ ਵਾਸੀਆਂ ਨੇ ਸ੍ਰੀ ਢਿੱਲੋਂ ਨੂੰ ਕਲੋਨੀ ਦੀ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਜਿਸ ’ਤੇ ਸ੍ਰੀ ਢਿੱਲੋਂ ਨੇ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮੀ, ਬਬਲੂ ਰਾਮਗੜ੍ਹੀਆ, ਬੁੱਧ ਰਾਮ, ਵਿਕਰਮ ਧਵਨ, ਏ.ਐੱਸ. ਚੰਦੇਲ, ਸੋਨੀਆ ਬੈਨੀਵਾਲ, ਸ਼ੈਲੀ ਅੱਤਰੀ, ਵਿੱਕੀ, ਨਫੇ ਸਿੰਘ, ਵੰਦਨਾ ਪਾਂਡੇ, ਅਨੁਰਾਧਾ ਰਾਣਾ, ਰੇਣੂ ਰਾਣਾ ਹਾਜ਼ਰ ਸਨ।