‘ਆਪ’ ਸਰਕਾਰ ਨੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਮੰਡੀਆਂ ’ਚ ਰੋਲਿਆ: ਮਜੀਠੀਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ 11 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਖ਼ਰੀਦ ਸ਼ੁਰੂ ਹੋਣ ਦੇ 11 ਦਿਨ ਮਗਰੋਂ ਵੀ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਕਰਨ ’ਚ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਐੱਮਐੱਸਪੀ ’ਤੇ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਆਖਿਆ ਸੀ ਕਿ ਉਹ ਬਾਸਮਤੀ ਦੀ ਫ਼ਸਲ ਬੀਜਣ ਜੋ ਘੱਟ ਪਾਣੀ ਨਾਲ ਤਿਆਰ ਹੋ ਜਾਂਦੀ ਹੈ ਪਰ ਸਰਕਾਰ ਵੱਲੋਂ ਕਿਸਾਨਾਂ ਨੂੰ ਬਾਸਮਤੀ ਦਾ ਵਾਜ਼ਬ ਭਾਅ ਦੇਣ ਦੇ ਯਤਨ ਨਹੀਂ ਕੀਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਸ਼ੈੱਲਰਾਂ ’ਚ ਪਏ ਝੋਨੇ ਦਾ ਮਸਲਾ ਕੇਂਦਰ ਸਰਕਾਰ ਕੋਲ ਚੁੱਕਣ ਵਿੱਚ ਵੀ ਨਾਕਾਮ ਸਾਬਤ ਹੋਈ ਹੈ।
ਅਕਾਲੀ ਆਗੂ ਨੇ ਕਿਹਾ ਕਿ ਖ਼ਰੀਦ ਪ੍ਰਕਿਰਿਆ ਵਿੱਚ ਸ਼ਾਮਲ ਆੜ੍ਹਤੀਆਂ, ਮਜ਼ਦੂਰਾਂ, ਕਿਸਾਨਾਂ ਤੇ ਸ਼ੈੱਲਰ ਮਾਲਕਾਂ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਸਹੀ ਫ਼ੈਸਲੇ ਨਾ ਲੈਣ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ। ਇਸ ਨਾਲ ਹਾਲਾਤ ਬਹੁਤ ਗੰਭੀਰ ਹੋ ਰਹੇ ਹਨ ਤੇ ਸੂਬੇ ਵਿਚ ਸਮੁੱਚਾ ਮੰਡੀਕਰਨ ਢਾਂਚਾ ਤਬਾਹ ਹੋਣ ਕੰਢੇ ਪਹੁੰਚ ਗਿਆ ਹੈ। ਇਸ ਨਾਲ ਖੇਤੀਬਾੜੀ ਅਰਥਚਾਰਾ ਤਬਾਹ ਹੋ ਜਾਵੇਗਾ।