For the best experience, open
https://m.punjabitribuneonline.com
on your mobile browser.
Advertisement

‘ਆਪ’ ਸਰਕਾਰ ਕਣਕ ਦੇ ਸੁਚੱਜੇ ਖ਼ਰੀਦ ਪ੍ਰਬੰਧ ਕਰਨ ’ਚ ਅਸਫ਼ਲ ਰਹੀ: ਜੀਤਮਹਿੰਦਰ ਸਿੱਧੂ

06:32 AM Apr 28, 2024 IST
‘ਆਪ’ ਸਰਕਾਰ ਕਣਕ ਦੇ ਸੁਚੱਜੇ ਖ਼ਰੀਦ ਪ੍ਰਬੰਧ ਕਰਨ ’ਚ ਅਸਫ਼ਲ ਰਹੀ  ਜੀਤਮਹਿੰਦਰ ਸਿੱਧੂ
ਕਿਸਾਨਾਂ ਦੀਆਂ ਤਕਲੀਫ਼ਾਂ ਸੁਣਦੇ ਹੋਏ ਜੀਤ ਮਹਿੰਦਰ ਸਿੰਘ ਸਿੱਧੂ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 27 ਅਪਰੈਲ
ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਅੱਜ ਪਿੰਡਾਂ ਤੇ ਕਸਬਿਆਂ ਵਿੱਚ ਨੁੱਕੜ ਰੈਲੀਆਂ ਨੂੰ ਸੰਬੋਧਨ ਕਰਨ ਦੀ ਥਾਂ ਖਰੀਦ ਕੇਂਦਰਾਂ ਅਤੇ ਅਨਾਜ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਦੇ ਦੁੱਖੜੇ ਸੁਣੇ। ਉਨ੍ਹਾਂ ਨੂੰ ਕਿਸਾਨਾਂ ਦੀਆਂ ਤਕਲੀਫ਼ਾਂ ਸੁਣਨ ਦਾ ਫੁਰਨਾ ਉਸ ਵੇਲੇ ਫੁਰਿਆ, ਜਦੋਂ ਕਣਕ ਦੀ ਵਾਢੀ ਦਾ ਜ਼ੋਰ ਪੈਣ ਕਾਰਨ ਬਹੁਤੇ ਕਿਸਾਨ ਪਿੰਡਾਂ ’ਚੋਂ ਨਿਕਲਕੇ ਕਣਕ ਵੇਚਣ ਲਈ ਮੰਡੀਆਂ ਵਿੱਚ ਬੈਠੇ ਹਨ। ਉਨ੍ਹਾਂ ਸੱਤਾਧਾਰੀ ਧਿਰ ਸਮੇਤ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਦੇ ਮੁਕਾਬਲੇ ਅੱਜ ਪਹਿਲੀਕਦਮੀ ਕਰਦਿਆਂ ਖਰੀਦ ਕੇਂਦਰਾਂ ਵਿੱਚ ਸਰਕਾਰੀ ਪ੍ਰਬੰਧਾਂ ਨੂੰ ਕੋਸਦਿਆਂ ਆਮ ਆਦਮੀ ਪਾਰਟੀ ਦੇ ਮਾੜੇ ਖਰੀਦ ਪ੍ਰਬੰਧਾਂ ਦੀ ਨਿੰਦਾ ਕੀਤੀ।
ਕਾਂਗਰਸੀ ਉਮੀਦਵਾਰ ਸ੍ਰੀ ਸਿੱਧੂ ਨੇ ਮਾਨਸਾ, ਖਿਆਲਾ ਕਲਾਂ, ਠੂਠਿਆਂਵਾਲੀ, ਭੈਣੀਬਾਘਾ, ਬੁਰਜ ਹਰੀ, ਰੱ ਤੇ ਭੁਪਾਲ ਸਮੇਤ ਇੱਕ ਦਰਜਨ ਖਰੀਦ ਕੇਂਦਰਾਂ ਦਾ ਦੌਰਾ ਕਰਦਿਆਂ ਕਿਹਾ ਕਿ ਸਮੇਂ-ਸਿਰ ਲੁਹਾਈ, ਝਰਾਈ, ਭਰਾਈ, ਸਿਲਾਈ ਅਤੇ ਚੁਕਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਰਾਤਾਂ ਮੰਡੀਆਂ ਵਿੱਚ ਕੱਟਣੀਆਂ ਪੈ ਰਹੀਆਂ ਹਨ ਅਤੇ ਮੱਛਰਾਂ ਦੀ ਭਰਮਾਰ ਅਤੇ ਮੰਡੀਆਂ ਵਿੱਚ ਸਹੂਲਤਾਂ ਦੀ ਘਾਟ ਕਾਰਨ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਲਿਫਟਿੰਗ, ਬਾਰਦਾਨੇ ਅਤੇ ਹੋਰਨਾਂ ਆ ਰਹੀਆਂ ਸਮੱਸਿਆਵਾਂ ਬਾਰੇ ਅਫਸਰਾਂ ਨਾਲ ਗੱਲਬਾਤ ਕਰ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਵੀ ਮੌਜੂਦ ਸਨ।
ਉਨ੍ਹਾਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਦੋਸ਼ ਲਾਇਆ ਕਿ ਮੁੱਖ ਮੰਤਰੀ ਹੁਣ ਕਿਸਾਨਾਂ ਨੂੰ ਭੁੱਲਕੇ ਦੂਜੇ ਸੂਬਿਆਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਮੰਡੀਆਂ ਵਿੱਚ ਕਿਸਾਨ ਰੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਣਕ ਦੀ ਬੋਲੀ ਨਹੀਂ ਲੱਗ ਰਹੀ ਤੇ ਮੰਡੀਆਂ ਵਿੱਚ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਫ਼ਸਲ ਦੇ ਅੰਬਾਰ ਲੱਗ ਗਏ ਹਨ, ਜਿਸ ਕਾਰਨ ਕਿਸਾਨਾਂ ਨੂੰ ਕਣਕ ਸੁੱਟਣ ਦੇ ਲਈ ਕੱਚੇ ਫੜ੍ਹਾਂ ਤੇ ਇੱਥੋਂ ਤੱਕ ਸ਼ਮਸ਼ਾਨਘਾਟਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਸ ਬਦਲਾਅ ਵਾਲੀ ਸਰਕਾਰ ਤੋਂ ਪੂਰੀ ਤਰਾਂ ਅੱਕ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਮੰਡੀਆਂ ’ਚੋਂ ਕਣਕ ਦੀ ਤੁਰੰਤ ਚੁਕਾਈ ਕੀਤੀ ਜਾਵੇ ਅਤੇ ਮੰਡੀ ਵਿੱਚ ਵਿਕਣ ਲਈ ਆਈ ਕਣਕ ਦੀ ਤੁਰੰਤ ਭਰਾਈ ਕਰ ਕੇ ਕਿਸਾਨਾਂ ਦੀ ਖੱਜਲ-ਖੁਆਰੀ ਨੂੰ ਰੋਕਿਆ ਜਾਵੇ।

Advertisement

Advertisement
Author Image

joginder kumar

View all posts

Advertisement
Advertisement
×