‘ਆਪ’ ਸਰਕਾਰ ਨੇ ਰਜਿਸਟਰੀਆਂ ’ਤੇ ਐੱਨਓਸੀ ਦੀ ਸ਼ਰਤ ਖ਼ਤਮ ਕਰ ਕੇ ਵੱਡੀ ਰਾਹਤ ਦਿੱਤੀ: ਕੁੰਦਰਾ
ਪੱਤਰ ਪ੍ਰੇਰਕ
ਮਾਛੀਵਾੜਾ, 4 ਸਤੰਬਰ
‘ਆਪ’ ਆਗੂ ਮੋਹਿਤ ਕੁੰਦਰਾ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਇੱਕ ਇਤਿਹਾਸਕ ਬਿੱਲ ਪਾਸ ਹੋਇਆ ਹੈ ਜਿਸ ਨਾਲ ਹੁਣ ਰਜਿਸਟਰੀਆਂ ’ਤੇ ਐੱਨ.ਓ.ਸੀ. ਦੀ ਸ਼ਰਤ ਖ਼ਤਮ ਹੋ ਜਾਵੇਗੀ ਅਤੇ ਲੋਕਾਂ ਨੂੰ ਰਾਹਤ ਮਿਲੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਣ-ਅਧਿਕਾਰਤ ਕਲੋਨੀਆਂ ਵਿੱਚ ਪਲਾਟ ਖਰੀਦ ਚੁੱਕੇ ਸੂਬੇ ਦੇ ਲੱਖਾਂ ਲੋਕਾਂ ਨੂੰ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ ਅਤੇ ਹੁਣ ਉਹ ਆਪਣੇ ਸੁਪਨਿਆਂ ਦਾ ਘਰ ਬਣਾ ਸਕਣਗੇ ਅਤੇ ਪ੍ਰਾਪਰਟੀ ਵੇਚ ਸਕਣਗੇ। ਉਨ੍ਹਾਂ ਕਿਹਾ ਕਿ ਐੱਨਓਸੀ ਦੀ ਸ਼ਰਤ ਨਾਲ ਅਣ-ਅਧਿਕਾਰਤ ਕਲੋਨੀਆਂ ਵਿਚ ਲੋਕਾਂ ਦਾ ਕਰੋੜਾਂ ਰੁਪਏ ਫਸਿਆ ਹੋਇਆ ਸੀ ਅਤੇ ਹੁਣ ਇਨ੍ਹਾਂ ਪਲਾਟਾਂ ਦੀ ਵਿਕਰੀ ਸ਼ੁਰੂ ਹੋ ਜਾਵੇਗੀ ਜਿਸ ਨਾਲ ਪ੍ਰਾਪਰਟੀ ਕਾਰੋਬਾਰ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਦੌਰਾਨ ਕੀਤਾ ਆਪਣਾ ਇੱਕ ਹੋਰ ਵਾਅਦਾ ਪੂਰਾ ਕਰ ਦਿੱਤਾ ਹੈ ਅਤੇ ਹੁਣ ਅਣ-ਅਧਿਕਾਰਤ ਕਲੋਨੀਆਂ ’ਚ ਰਹਿਣ ਵਾਲੇ ਲੋਕ ਬਿਜਲੀ ਮੀਟਰ ਲਗਾ ਸਕਣਗੇ, ਪਾਣੀ ਦੀ ਸਪਲਾਈ ਦਾ ਕੁਨੈਕਸ਼ਨ ਲੈ ਸਕਣਗੇ ਅਤੇ ਨਕਸ਼ੇ ਪਾਸ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਐੱਨਓਸੀ ਦੀ ਸ਼ਰਤ ਖਤਮ ਹੋਣ ਨਾਲ ਖੁਸ਼ੀ ਦੀ ਲਹਿਰ ਹੈ।