‘ਆਪ’ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਈ: ਲਿਬਰੇਸ਼ਨ
ਜੀਵਨ ਕ੍ਰਾਂਤੀ
ਝੁਨੀਰ, 2 ਸਤੰਬਰ
ਸੀਪੀਆਈ ਐੱਮਐੱਲ ਲਿਬਰੇਸ਼ਨ ਵੱਲੋਂ ਸ਼ਹੀਦ ਭਗਤ ਦੇ ਜਨਮਦਿਨ ਨੂੰ ਸਮਰਪਿਤ ਜਨ ਚੇਤਨਾ ਮੁਹਿੰਮ ਤਹਿਤ ਭੰਮੇ ਖੁਰਦ ਅਤੇ ਉਡਤ ਭਗਤ ਰਾਮ ਵਿੱਚ ਕਨਵੈਨਸ਼ਨਾਂ ਕੀਤੀਆਂ ਗਈਆਂ। ਕਨਵੈਨਸ਼ਨਾਂ ਦੀ ਪ੍ਰਧਾਨਗੀ ਹਰਮੇਸ਼ ਭੰਮੇ, ਬਿੰਦਰ ਕੌਰ ਉੱਡਤ ਅਤੇ ਦਰਸ਼ਨ ਦਾਨੇਵਾਲੀਆ ਨੇ ਕੀਤੀ।
ਕਨਵੈਨਸ਼ਨਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਕਾਰੋਬਾਰ ਵਿਚ ਵਾਧਾ ਹੋ ਰਿਹਾ ਹੈ। ‘ਆਪ’ ਸਰਕਾਰ ਵੱਲੋਂ ਔਰਤਾਂ ਨਾਲ ਕੀਤਾ ਇੱਕ ਹਜ਼ਾਰ ਰੁਪਏ ਦਾ ਵਾਅਦਾ ਪੂਰਾ ਨਹੀਂ ਹੋਇਆ। ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ‘ਆਪ’ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਜਵਾਬਦੇਹੀ ਲਈ ਪੰਜਾਬ ਦੇ ਵੱਖ ਵੱਖ ਥਾਵਾਂ ’ਤੇ ਇਲਾਕੇ ਦੇ ਇਕੱਠ ਕੀਤੇ ਜਾਣਗੇ, 13 ਸਤੰਬਰ ਨੂੰ ਸਰਦੂਲਗੜ੍ਹ ਵਿੱਚ ਕਾਨਫਰੰਸ ਕੀਤੀ ਜਾਵੇਗੀ ਤੇ ਵਿਧਾਇਕਾਂ ਤੋਂ ਸਰਕਾਰ ਦੀ ਕਾਰਗੁਜ਼ਾਰੀ ਦਾ ਹਿਸਾਬ ਮੰਗਿਆ ਜਾਵੇਗਾ। ਕਾਮਰੇਡ ਬਲਵਿੰਦਰ ਘਰਾਂਗਣਾ ਨੇ ਕਿਹਾ ਕਿ ਕਿਸਾਨਾਂ ਲਈ ਐੱਮਐੱਸਪੀ ਅਤੇ ਮਜ਼ਦੂਰਾਂ ਲਈ ਘੱਟੋ-ਘੱਟ ਉਜਰਤਾਂ ਵਿੱਚ ਵਾਧੇ ਤੇ ਨੌਜਵਾਨਾਂ ਲਈ ਰੁਜ਼ਗਾਰ ਦੀ ਮੰਗ ਲਈ ਇੱਕਜੁੱਟ ਹੋਣਾ ਪਵੇਗਾ।