For the best experience, open
https://m.punjabitribuneonline.com
on your mobile browser.
Advertisement

‘ਆਪ’ ਸਰਕਾਰ ਨੇ ਪੇਂਡੂ ਸਿਹਤ ਸੇਵਾਵਾਂ ਤਬਾਹ ਕੀਤੀਆਂ: ਸੁਖਬੀਰ ਬਾਦਲ

06:34 AM Apr 28, 2024 IST
‘ਆਪ’ ਸਰਕਾਰ ਨੇ ਪੇਂਡੂ ਸਿਹਤ ਸੇਵਾਵਾਂ ਤਬਾਹ ਕੀਤੀਆਂ  ਸੁਖਬੀਰ ਬਾਦਲ
ਗੋਨਿਆਣਾ ਮੰਡੀ ਵਿੱਚ ਵਪਾਰੀਆਂ ਨਾਲ ਮੀਟਿੰਗ ਕਰਦੇ ਹੋਏ ਸੁਖਬੀਰ ਬਾਦਲ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਮਨੋਜ ਸ਼ਰਮਾ
ਬਠਿੰਡਾ, 27 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪੇਂਡੂ ਸਿਹਤ ਕੇਂਦਰਾਂ ਵਿੱਚੋਂ ਸਟਾਫ਼ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਤਬਦੀਲ ਕਰ ਕੇ ਇਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ ਜਦੋਂਕਿ ਆਮ ਆਦਮੀ ਕਲੀਨਿਕ ਪੰਜਾਬੀਆਂ ਨੂੰ ਲੋੜੀਂਦੀਆਂ ਸਿਹਤ ਸੰਭਾਲ ਸਹੂਲਤਾਂ ਦੇਣ ਵਿੱਚ ਨਾਕਾਮ ਰਹੇ ਹਨ। ਉਨ੍ਹਾਂ ਗੋਨਿਆਣਾ ਮੰਡੀ ਸਮੇਤ ਬਠਿੰਡਾ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਕਲੀਨਿਕਾਂ ਵਿੱਚ ਆਮ ਦਵਾਈਆਂ ਵੀ ਉਪਲਬਧ ਨਹੀਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਹਸਪਤਾਲਾਂ ਵਿੱਚ ਸੁਪਰ ਸਪੈਸ਼ਲਟੀ ਸਿਹਤ ਸੇਵਾਵਾਂ ਅਤੇ ਸੂਬੇ ਵਿੱਚ 16 ਮੈਡੀਕਲ ਕਾਲਜ ਸਥਾਪਤ ਕਰਨ ਦੀ ਗੱਲ ਕਰਦੀ ਸੀ ਪਰ ਇਹ ਲੋਕਾਂ ਨੂੰ ਆਮ ਦਵਾਈਆਂ ਦੇਣ ਵਾਸਤੇ ਛੋਟੇ ਕਲੀਨਿਕ ਸਥਾਪਤ ਕਰਨ ਵਿੱਚ ਵੀ ਨਾਕਾਮ ਰਹੀ ਹੈ।
ਸ੍ਰੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਲੀਨਿਕ ਸਥਾਪਤ ਕਰਨ ’ਤੇ ਸੈਂਕੜੇ ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਵੀ ਆਬਕਾਰੀ ਘੁਟਾਲੇ ਵਾਂਗੂ ਹੀ ਇੱਕ ਘੁਟਾਲਾ ਹੈ ਅਤੇ ਅਕਾਲੀ ਦਲ ਦੇ ਸੱਤਾ ਵਿੱਚ ਆਉਣ ’ਤੇ ਇਹ ਸਾਬਤ ਕੀਤਾ ਜਾਵੇਗਾ ਤੇ ਉਪਰੋਂ ਹੇਠਾਂ ਤੱਕ ਸਾਰਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ।
ਗੋਨਿਆਣਾ ਮੰਡੀ ਵਿੱਚ ਲੋਕਾਂ ਨਾਲ ਗੱਲਬਾਤ ਦੌਰਾਨ ਲੋਕਾਂ ਨੇ ਦੱਸਿਆ ਕਿ ਕਿਵੇਂ ਬੁਢਾਪਾ ਪੈਨਸ਼ਨ ਤੇ ਆਟਾ ਦਾਲ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਵਿੱਚੋਂ ਉਨ੍ਹਾਂ ਦੇ ਨਾਂ ਕੱਟ ਦਿੱਤੇ ਗਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਵੱਲੋਂ ਹੋਰ ਰਾਜਾਂ ਵਿੱਚ ਚੋਣ ਪ੍ਰਚਾਰ ਕਰਨ ’ਤੇ ਕਰੋੜਾਂ ਰੁਪਏ ਬਰਬਾਦ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਸਿਰ 1000 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਦਾ ਬੋਝ ਪਿਆ ਹੈ। ਇਸ ਦੌਰਾਨ ਅਨੇਕਾਂ ਲੋਕਾਂ ਨੇ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਵੱਲੋਂ ਭੇਜੇ ਜਾ ਰਹੇ ਬਿਜਲੀ ਦੇ ਮੋਟੇ-ਮੋਟੇ ਬਿੱਲ ਵਿਖਾਏ। ਲੋਕਾਂ ਨੇ ਜ਼ੋਰ ਦੇ ਕੇ ਆਖਿਆ ਕਿ ‘ਆਪ’ ਸਰਕਾਰ ਕੁਝ ਸੀਮਤ ਲੋਕਾਂ ਨੂੰ ਮੁਫਤ ਬਿਜਲੀ ਦੇ ਕੇ ਲੱਖਾਂ ਲੋਕਾਂ ਨੂੰ ਬਿਜਲੀ ਦੇ ਮੋਟੇ-ਮੋਟੇ ਬਿੱਲ ਭੇਜ ਰਹੀ ਹੈ। ਲੋਕਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਸ਼ਹਿਰਾਂ ਵਿੱਚ ਸੀਵਰੇਜ ਸਿਸਟਮ ਸਮੇਤ ਸ਼ਹਿਰੀ ਸਹੂਲਤਾਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਸ ਦੌਰਾਨ ਪ੍ਰਕਾਸ਼ ਭੱਟੀ, ਜ਼ਿਲ੍ਹਾ ਪ੍ਰਧਾਨ ਬਲਕਾਰ ਬਰਾੜ, ਜਗਸੀਰ ਕਲਿਆਣ ਤੇ ਮਾਨ ਸਿੰਘ ਗੁਰੂ ਵੀ ਮੌਜੂਦ ਸਨ।

Advertisement

ਵਿਰੋਧੀਆਂ ਵੱਲੋਂ ਰਚੇ ਚੱਕਰਵਿਊ ਨੂੰ ਤੋੜਨ ਲਈ ਸੁਖਬੀਰ ਬਾਦਲ ਹੋਏ ਸਰਗਰਮ

ਬਠਿੰਡਾ (ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਬਠਿੰਡਾ ਤੋਂ ਤਿੰਨ ਵਾਰ ਸੰਸਦ ਮੈਂਬਰ ਰਹੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਲਈ ਵਿਰੋਧੀ ਪਾਰਟੀਆਂ ਵੱਲੋਂ ਰਚੇ ਗਏ ਚੱਕਰਵਿਊ ਨੂੰ ਤੋੜਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਸਰਗਰਮ ਹੋ ਗਏ ਹਨ। ਉਨ੍ਹਾਂ ਵੱਲੋਂ ਬਠਿੰਡਾ ਦੇ ਵਕੀਲਾਂ, ਹੋਟਲ ਕਾਰੋਬਾਰੀਆਂ ਤੇ ਈਸਾਈ ਭਾਈਚਾਰੇ ਨਾਲ ਮੀਟਿੰਗਾਂ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਗੋਨਿਆਣਾ ਮੰਡੀ ਦੇ ਇੱਕ ਵੱਡੇ ਸੇਠ ਦੀ ਫੈਕਟਰੀ ਵਿੱਚ ਵਪਾਰੀਆਂ ਨਾਲ ਕੀਤੀ ਗਈ ਜਿਸ ਤੋਂ ਸਾਫ਼ ਹੈ ਸੁਖਬੀਰ ਬਾਦਲ ਬਠਿੰਡਾ ਸੀਟ ’ਤੇ ਵਿਰੋਧੀ ਪਾਰਟੀਆਂ ਨੂੰ ਤਕੜੀ ਟੱਕਰ ਦੇਣ ਦੇ ਰੌਂਅ ਵਿੱਚ ਹਨ। ਗੌਰਤਲਬ ਹੈ ਕਿ ਭਾਜਪਾ ਵੱਲੋਂ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਨੂੰ ਟਿਕਟ ਦੇ ਕੇ ਅਕਾਲੀ ਵੋਟ ਬੈਂਕ ਨੂੰ ਵੱਡਾ ਖੋਰਾ ਲਾਉਣ ਲਈ ਯਤਨ ਕੀਤਾ ਗਿਆ। ਜੇਕਰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਆਪਣੀ ਨੂੰਹ ਦੀ ਮਦਦ ਲਈ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਹਰਸਿਮਰਤ ਕੌਰ ਬਾਦਲ ਲਈ ਸੰਸਦ ਦੀਆਂ ਪੌੜੀਆਂ ਚੜਨਾ ਔਖਾ ਹੋ ਜਾਵੇਗਾ। ਕਾਬਿਲੇਗੌਰ ਹੈ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕਾਫੀ ਦਿਨਾਂ ਤੋਂ ਚੁੱਪੀ ਸਾਧੀ ਹੋਈ ਹੈ ਤੇ ਉਹ ਸ਼੍ਰੋਮਣੀ ਅਕਾਲੀ ਦੇ ਚੋਣ ਪ੍ਰਚਾਰ ’ਚ ਵੀ ਸਰਗਰਮ ਨਹੀਂ ਹੋ ਰਹੇ। ਇਸ ਤਰ੍ਹਾਂ ਹੀ ਕਾਂਗਰਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦੇ ਕੇ ਬਠਿੰਡਾ ਪਾਰਲੀਮਾਨੀ ਹਲਕੇ ਤੋਂ ਭੇਜਿਆ ਗਿਆ ਹੈ। ਦੋਨਾਂ ਵਿਰੋਧੀ ਪਾਰਟੀਆਂ ਵੱਲੋਂ ਆ ਰਚੇ ਗਏ ਚੱਕਰਵਿਊ ਵਿੱਚ ਘਿਰੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਵੋਟ ਬੈਂਕ ਖੁਰਦਾ ਨਜ਼ਰ ਆ ਰਿਹਾ ਹੈ। ਬਠਿੰਡਾ ਲਈ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਸੱਤਾਧਾਰੀ ਧਿਰ ‘ਆਪ’ ਦੇ ਉਮੀਦਵਾਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਬਾਦਲ ਪਰਿਵਾਰ ਦੇ ਪਰਸਪਰ ਵਿਰੋਧੀ ਮੰਨੇ ਜਾਂਦੇ ਹਨ ਜਿਨ੍ਹਾਂ ਵੱਲੋਂ ਵੀ ਪੂਰੀ ਸਰਗਰਮੀ ਫੜੀ ਹੋਈ ਹੈ। ਸਿਆਸੀ ਮਾਹਰ ਇਸ ਸੀਟ ’ਤੇ ਹੋਣ ਵਾਲੇ ਮੁਕਾਬਲੇ ਨੂੰ ਹਲਕੇ ਵਿੱਚ ਨਹੀਂ ਲੈ ਰਹੇ।

Advertisement
Author Image

joginder kumar

View all posts

Advertisement
Advertisement
×