ਹਵਾ ਪ੍ਰਦੂਸ਼ਣ ਕਾਰਨ ਸਖ਼ਤ ਹੋਈ ‘ਆਪ’ ਸਰਕਾਰ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਨਵੰਬਰ
ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰਦੂਸ਼ਣ ਦੇ ਪੱਧਰ ਦਾ ਮੁਕਾਬਲਾ ਕਰਨ ਲਈ ਕਈ ਐਲਾਨ ਕੀਤੇ ਹਨ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਐਲਾਨ ਕੀਤਾ ਕਿ ਜਨਤਕ ਆਵਾਜਾਈ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ 106 ਸ਼ਟਲ ਬੱਸ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਮੈਟਰੋ ਟਰੇਨਾਂ ਯਾਤਰੀਆਂ ਦੀ ਸਹੂਲਤ ਲਈ 60 ਵਾਧੂ ਯਾਤਰਾਵਾਂ ਵੀ ਚਲਾਉਣਗੀਆਂ। ਇਸ ਤੋਂ ਇਲਾਵਾ, ਅੰਤਰ-ਰਾਜੀ ਬੱਸਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ ਗਈ ਹੈ, ਸਿਰਫ ਈ-ਬੱਸਾਂ ਅਤੇ ਸੀਐੱਨਜੀ ਬੱਸਾਂ ਨੂੰ ਹੀ ਸ਼ਹਿਰ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇਗੀ। ਜੀਆਰਏਪੀ ਪੜਾਅ ਤਿੰਨ ਉਪਾਵਾਂ ਦੇ ਹਿੱਸੇ ਵਜੋਂ ਨਿੱਜੀ ਉਸਾਰੀ ਅਤੇ ਢਾਹੁਣ ਦੀਆਂ ਗਤੀਵਿਧੀਆਂ ’ਤੇ ਰੋਕ ਲਗਾ ਦਿੱਤੀ ਗਈ ਹੈ, ਜਦੋਂਕਿ ਵਾਹਨਾਂ ਦੇ ਬੀਐੱਸ ਤਿੰਨ ਪੈਟਰੋਲ ਅਤੇ ਬੀਐਸ ਚਾਰ ਡੀਜ਼ਲ ਚਾਰ ਪਹੀਆ ਵਾਹਨਾਂ ਨੂੰ ਹੁਣ ਸ਼ਹਿਰ ਵਿੱਚ ਚੱਲਣ ’ਤੇ ਪਾਬੰਦੀ ਹੈ। ਦਿੱਲੀ ਦੇ 39 ਨਿਗਰਾਨੀ ਸਟੇਸ਼ਨਾਂ ਵਿੱਚੋਂ, 27 ਨੇ ਸ਼ੁੱਕਰਵਾਰ ਨੂੰ 400 ਤੋਂ ਉੱਪਰ ਏਕਿਊਆਈ ਰੀਡਿੰਗ ਰਿਕਾਰਡ ਕੀਤੀ, ਜੋ ‘ਗੰਭੀਰ’ ਪ੍ਰਦੂਸ਼ਣ ਨੂੰ ਦਰਸਾਉਂਦੀ ਹੈ ਆਨੰਦ ਵਿਹਾਰ, ਜਹਾਂਗੀਰਪੁਰੀ, ਆਈਟੀਓ ਅਤੇ ਆਈਜੀਆਈ ਏਅਰਪੋਰਟ ਵਰਗੇ ਸਟੇਸ਼ਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਸ ਤੋਂ ਪਹਿਲਾਂ, ਦਿੱਲੀ ਦੀ ਹਵਾ ਦੀ ਗੁਣਵੱਤਾ ਲਗਾਤਾਰ 14 ਦਿਨਾਂ ਤੱਕ ‘ਬਹੁਤ ਖਰਾਬ’ ਰੇਂਜ ਵਿੱਚ ਰਹੀ ਸੀ।
ਦਿੱਲੀ, ਨੋਇਡਾ, ਗਾਜ਼ੀਆਬਾਦ, ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਦੇ ਹੋਰ ਹਿੱਸਿਆਂ ਵਿੱਚ ਧੂੰਏਂ ਦੀ ਇੱਕ ਸੰਘਣੀ ਪਰਤ ਕਾਰਨ ਸਵੇਰੇ ਦੇਖਣਾ ਮੁਸ਼ਕਿਲ ਹੋ ਗਿਆ। ਜਿਵੇਂ ਕਿ ਧੂੰਏਂ ਦੀ ਸੰਘਣੀ ਚਾਦਰ ਦਿੱਲੀ ਨੂੰ ਘੇਰਦੀ ਜਾ ਰਹੀ ਹੈ, ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਸਬ-ਕਮੇਟੀ ਨੇ ਦਿੱਲੀ-ਐੱਨਸੀਆਰ ਲਈ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦੇ ਪੜਾਅ ਤਿੰਨ ਨੂੰ ਸਵੇਰੇ 8 ਵਜੇ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਕੁਝ ਖੇਤਰਾਂ ਵਿੱਚ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ‘ਗੰਭੀਰ’ ਸ਼੍ਰੇਣੀ ਵਿੱਚ ਆ ਗਿਆ ਅਤੇ ਆਨੰਦ ਵਿਹਾਰ ਵਿੱਚ ਏਕਿਊਆਈ 473, ਦਵਾਰਕਾ 458, ਆਰਕੇ ਪੁਰਮ 454, ਮੁੰਡਕਾ 460, ਚਾਂਦਨੀ ਚੌਕ 407, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਵੇਰੇ 7 ਵਜੇ ਦੇ ਅੰਕੜਿਆਂ ਵਿੱਚ ਦਿਖਾਇਆ ਗਿਆ ਸੀ।
ਆਵਾਜਾਈ ਘਟਾਉਣ ਲਈ ਦਫ਼ਤਰਾਂ ਦਾ ਸਮਾਂ ਤਬਦੀਲ
ਦਿੱਲੀ ਦੀ ਹਵਾ ਦੀ ਗੁਣਵੱਤਾ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ‘ਗੰਭੀਰ’ ਸ਼੍ਰੇਣੀ ਵਿੱਚ ਰਹਿਣ ਦੇ ਨਾਲ, ਦਿੱਲੀ ਦੇ ਅਗਲੇ ਨਿਰਦੇਸ਼ਾਂ ਤੱਕ ਦਿੱਲੀ-ਐੱਨਸੀਆਰ ਦੇ ਸਾਰੇ ਸਕੂਲਾਂ ਵਿੱਚ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਸਾਰੀਆਂ ਜਮਾਤਾਂ ਨੂੰ ਆਨਲਾਈਨ ਮੋਡ ਵਿੱਚ ਬਦਲ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਐਲਾਨ ਕੀਤਾ ਕਿ ਟਰੈਫਿਕ ਭੀੜ ਅਤੇ ਸਬੰਧਿਤ ਪ੍ਰਦੂਸ਼ਣ ਨੂੰ ਘਟਾਉਣ ਲਈ, ਦਿੱਲੀ ਭਰ ਦੇ ਸਰਕਾਰੀ ਦਫਤਰਾਂ ਵਿੱਚ ਅਚਨਚੇਤ ਸਮੇਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਨਗਰ ਨਿਗਮ ਦੇ ਦਫ਼ਤਰ ਸਵੇਰੇ 8.30 ਵਜੇ ਤੋਂ ਸ਼ਾਮ 5 ਵਜੇ ਤੱਕ, ਕੇਂਦਰੀ ਸਰਕਾਰ ਦੇ ਦਫ਼ਤਰਾਂ ਦੇ ਮੁਲਾਜ਼ਮਾਂ ਲਈ ਸਵੇਰੇ 9 ਵਜੇ ਤੋਂ ਸ਼ਾਮ 5.30 ਵਜੇ ਤੱਕ ਅਤੇ ਦਿੱਲੀ ਸਰਕਾਰ ਦੇ ਮੁਲਾਜ਼ਮਾਂ ਲਈ ਸਵੇਰੇ 10 ਵਜੇ ਤੋਂ ਸ਼ਾਮ 6.30 ਵਜੇ ਤੱਕ ਦਫ਼ਤਰ ਦੇ ਕੰੰਮ ਕਰਨ ਦੇ ਸਮੇਂ ਤੈਅ ਕੀਤੇ ਗਏ ਹਨ। ਇਸ ਸਮੇਂ ਵਿੱਚ ਤਬਦੀਲੀ ਕਰਨ ਪਿੱਛੇ ਮਕਸਦ ਦਿੱਲੀ ਦੀਆਂ ਸੜਕਾਂ ਉਪਰੋਂ ਆਵਾਜਾਈ ਦੀ ਭੀੜ ਘਟਾਉਣੀ ਹੈ।