ਮੇਰੇ ਜੇਲ੍ਹ ਜਾਣ ਤੋਂ ਬਾਅਦ ‘ਆਪ’ ਮਜ਼ਬੂਤ ਹੋਈ: ਕੇਜਰੀਵਾਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਮਈ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਪਾਰਟੀ ਵਿਧਾਇਕਾਂ ਨਾਲ ਮੀਟਿੰਗ ਕੀਤੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਹ ਉਨ੍ਹਾਂ ਦੀ ਵਿਧਾਇਕਾਂ ਨਾਲ ਪਹਿਲੀ ਮੁਲਾਕਾਤ ਸੀ। ਇਸ ਦੌਰਾਨ ਕੇਜਰੀਵਾਲ ਨੇ ਵਿਧਾਇਕਾਂ ਦੀ ਇਕਜੁੱਟਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜੇਲ੍ਹ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੋਤੀ ਨਗਰ ਵਿੱਚ ਰੋਡ ਸ਼ੋਅ ਵੀ ਕੀਤਾ। ਰੋਡ ਸ਼ੋਅ ਦੌਰਾਨ ਉਨ੍ਹਾਂ ਕਿਹਾ, ‘‘ਜੇ ਤੁਸੀਂ 25 ਮਈ ਨੂੰ ‘ਆਪ’ ਨੂੰ ਚੁਣਦੇ ਹੋ ਤਾਂ ਮੈਨੂੰ ਦੁਬਾਰਾ ਜੇਲ੍ਹ ਨਹੀਂ ਜਾਣਾ ਪਵੇਗਾ।’’
ਵਿਧਾਇਕਾਂ ਨਾਲ ਮੀਟਿੰਗ ਦੌਰਾਨ ਕੇਜਰੀਵਾਲ ਨੇ ਕਿਹਾ, ‘‘ਮੇਰੀ ਗ੍ਰਿਫਤਾਰੀ ਤੋਂ ਬਾਅਦ ‘ਆਪ’ ਟੁੱਟਣ ਦੀ ਬਜਾਏ ਹੋਰ ਇਕਜੁੱਟ ਹੋ ਗਈ ਹੈ। ਇਹ ਲੋਕ ਨਾ ਤਾਂ ਸਾਡੀ ਸਰਕਾਰ ਨੂੰ ਡੇਗ ਸਕਦੇ ਹਨ, ਨਾ ਸਾਡੇ ਵਿਧਾਇਕ ਤੋੜ ਸਕਦੇ ਹਨ ਅਤੇ ਨਾ ਹੀ ਸਾਡੀ ਪੰਜਾਬ ਸਰਕਾਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਦੀ ਸਾਰੀ ਯੋਜਨਾ ਫੇਲ੍ਹ ਹੋ ਗਈ। ਸਗੋਂ ਪੂਰੇ ਦੇਸ਼ ਅੰਦਰ ਸਿਆਸੀ ਬਿਰਤਾਂਤ ਉਨ੍ਹਾਂ ਦੇ ਵਿਰੁੱਧ ਹੋ ਗਿਆ। ਇਸ ਲਈ ਸਾਡੇ ਸਾਰੇ ਵਿਧਾਇਕ ਵਧਾਈ ਦੇ ਹੱਕਦਾਰ ਹਨ।’
ਮੁੱਖ ਮੰਤਰੀ ਨੇ ਕਿਹਾ, ‘‘ਸਾਰੇ ਵਿਧਾਇਕਾਂ ਨੇ ਸ਼ਾਨਦਾਰ ਕੰਮ ਕੀਤਾ ਤਾਂ ਜੋ ਦਿੱਲੀ ਦੇ ਲੋਕਾਂ ਨੂੰ ਬਿਜਲੀ, ਪਾਣੀ ਅਤੇ ਦਵਾਈਆਂ ਲੈਣ ਵਿੱਚ ਕੋਈ ਦਿੱਕਤ ਨਾ ਆਵੇ। ਭਾਜਪਾ ਨੇ ਸਾਡੀ ਸਰਕਾਰ ਨੂੰ ਡੇਗਣ ਲਈ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਯੋਜਨਾ ਅਸਫਲ ਰਹੀ। ਇਸ ਲਈ ਪੂਰੀ ਪਾਰਟੀ ਅਤੇ ਦੇਸ਼ ਤੁਹਾਡੇ ’ਤੇ ਮਾਣ ਮਹਿਸੂਸ ਕਰ ਰਿਹਾ ਹੈ।’’
ਮੁੱਖ ਮੰਤਰੀ ਨਿਵਾਸ ’ਤੇ ਹੋਈ ਮੀਟਿੰਗ ਦੌਰਾਨ ਕੇਜਰੀਵਾਲ ਨੂੰ ਪਿਛਲੇ ਡੇਢ ਮਹੀਨੇ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਦਿੱਲੀ ਸਰਕਾਰ ਵੱਲੋਂ ਦਿੱਲੀ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਮੁਫਤ ਸੇਵਾਵਾਂ ਅਤੇ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਲਈ। ਦਿੱਲੀ ਦੇ ਲੋਕਾਂ ਤੋਂ ਮਿਲੇ ਫੀਡਬੈਕ ’ਤੇ ਮੁੱਖ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ। ਵਿਧਾਇਕਾਂ ਨੇ ਦੱਸਿਆ ਕਿ ਦਿੱਲੀ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਬਿਜਲੀ, ਪਾਣੀ ਅਤੇ ਦਵਾਈਆਂ ਦੀ ਕੋਈ ਸਮੱਸਿਆ ਨਹੀਂ ਆਈ। ਇਸ ਦੌਰਾਨ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਡਾ. ਸੰਦੀਪ ਪਾਠਕ, ਸੰਸਦ ਮੈਂਬਰ ਸੰਜੈ ਸਿੰਘ, ਮੰਤਰੀ ਗੋਪਾਲ ਰਾਏ, ਸੌਰਭ ਭਾਰਦਵਾਜ, ਆਤਿਸ਼ੀ, ਕੈਲਾਸ਼ ਗਹਿਲੋਤ, ਪਾਰਟੀ ਦੇ ਚਾਰੋ ਉਮੀਦਵਾਰ ਅਤੇ ਹੋਰ ਵਿਧਾਇਕ ਹਾਜ਼ਰ ਸਨ।
ਸੁਪਰੀਮ ਕੋਰਟ ਦੇ ਹੁਕਮ ਨੂੰ ਦੱਸਿਆ ਚਮਤਕਾਰ
ਕੇਜਰੀਵਾਲ ਨੇ ਕਿਹਾ, ‘‘ਸੁਪਰੀਮ ਕੋਰਟ ਦਾ ਹੁਕਮ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਰੱਬ ਚਾਹੁੰਦਾ ਹੈ ਕਿ ਅਸੀਂ ਕੁਝ ਕਰੀਏ। ਅਸੀਂ ਸਿਰਫ਼ ਜ਼ਰੀਆ ਹਾਂ, ਇਹ ਸਭ ਰੱਬ ਕਰ ਰਿਹਾ ਹੈ। ਜੇਲ੍ਹ ਦੇ ਅੰਦਰ ਵੀ ਸਾਰੇ ਵਿਧਾਇਕਾਂ ਬਾਰੇ ਜਾਣਕਾਰੀ ਸੀ।’’ ਕੇਜਰੀਵਾਲ ਨੇ ਵਿਧਾਇਕਾਂ ਦੀ ਰਾਏ ਦਾ ਸਮਰਥਨ ਕਰਦਿਆਂ ਕਿਹਾ ਕਿ ਜਦੋਂ ਵੀ ਭਾਜਪਾ ਦੇ ਲੋਕ ਮਿਲਦੇ ਸਨ ਤਾਂ ਉਹ ਕਹਿੰਦੇ ਸਨ ਕਿ ਉਹ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਗੇ ਅਤੇ ਆਮ ਆਦਮੀ ਪਾਰਟੀ ਨੂੰ ਤੋੜ ਕੇ ਦਿੱਲੀ ਦੀ ਸਰਕਾਰ ਨੂੰ ਡੇਗ ਦੇਣਗੇ। ਇਸ ਤੋਂ ਬਾਅਦ ਉਹ ਪੰਜਾਬ ਵਿੱਚ ਸਾਡੇ ਵਿਧਾਇਕਾਂ ਨੂੰ ਕਿਸੇ ਵੀ ਤਰੀਕੇ ਤੋੜ ਕੇ ਭਗਵੰਤ ਮਾਨ ਨੂੰ ਆਪਣੇ ਨਾਲ ਲੈ ਜਾਣਗੇ। ਉਨ੍ਹਾਂ ਕੋਲ ਵੱਡੀਆਂ ਯੋਜਨਾਵਾਂ ਸਨ ਪਰ ਸਭ ਕੁਝ ਇਸ ਦੇ ਉਲਟ ਹੋਇਆ।
ਕੇਜਰੀਵਾਲ ਦੀਆਂ ਜੇਲ੍ਹ ਵਿਚਲੀਆਂ ਗੱਲਾਂ ਸੁਣ ਕੇ ਸੰਜੈ ਸਿੰਘ ਭਾਵੁਕ ਹੋਏ
ਮੀਟਿੰਗ ਦੌਰਾਨ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਵਿੱਚ ਉਨ੍ਹਾਂ ਨਾਲ ਹੁੰਦੇ ਵਿਹਾਰ ਬਾਰੇ ਦੱਸਿਆ। ਇਹ ਸੁਣ ਕੇ ਸੰਸਦ ਮੈਂਬਰ ਸੰਜੈ ਸਿੰਘ ਦੀਆਂ ਅੱਖਾਂ ਨਮ ਹੋ ਗਈਆਂ ਤੇ ਸਾਰੇ ਵਿਧਾਇਕ ਭਾਵੁਕ ਹੋ ਗਏ। ਉਨ੍ਹਾਂ ਪ੍ਰਣ ਲਿਆ, ‘‘ਅਸੀਂ ਸਾਰੇ ਇੱਕ ਪਰਿਵਾਰ ਹਾਂ। ਅਸੀਂ ਨਾ ਟੁੱਟਾਂਗੇ ਨਾ ਝੁਕਾਂਗੇ। ਹੁਣ ਅਸੀਂ ਕਈ ਗੁਣਾ ਜ਼ਿਆਦਾ ਊਰਜਾ ਨਾਲ ਕੰਮ ਕਰਾਂਗੇ।’’
ਕੇਜਰੀਵਾਲ ‘ਇੰਡੀਆ’ ਗੱਠਜੋੜ ਲਈ ਦੇਸ਼ ਭਰ ਵਿੱਚ ਕਰਨਗੇ ਪ੍ਰਚਾਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਇੰਡੀਆ’ ਗੱਠਜੋੜ ਲਈ ਦੇਸ਼ ਭਰ ਵਿੱਚ ਪ੍ਰਚਾਰ ਕਰਨਗੇ। ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਠਕ ਨੇ ਦੱਸਿਆ ਕਿ ਕੇਜਰੀਵਾਲ 15 ਮਈ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਗੱਠਜੋੜ ਲਈ ਪ੍ਰਚਾਰ ਕਰਨਗੇ। ਇਸੇ ਤਰ੍ਹਾਂ 16 ਮਈ ਨੂੰ ਝਾਰਖੰਡ ਦੇ ਜਮਸ਼ੇਦਪੁਰ ’ਚ ਅਤੇ 17 ਮਈ ਨੂੰ ਮੁੰਬਈ ’ਚ ਰੈਲੀਆਂ ਨੂੰ ਸੰਬੋਧਨ ਕਰਨਗੇ।