ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ‘ਆਪ’: ਅਰੋੜਾ

07:57 AM Dec 23, 2024 IST
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ‘ਆਪ’ ਦੇ ਸੂਬਾਈ ਪ੍ਰਧਾਨ ਅਮਨ ਅਰੋੜਾ।

ਆਤਿਸ਼ ਗੁਪਤਾ
ਚੰਡੀਗੜ੍ਹ, 22 ਦਸੰਬਰ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ 5 ਨਗਰ ਨਿਗਮਾਂ ਤੇ 42 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨੇ ਇਕ ਵਾਰ ਫਿਰ ਆਮ ਆਦਮੀ ਪਾਰਟੀ ’ਤੇ ਭਰੋਸਾ ਕਰਦਿਆਂ ‘ਆਪ’ ਨੂੰ ਸਭ ਤੋਂ ਵੱਡੀ ਪਾਰਟੀ ਬਣਾ ਦਿੱਤਾ ਹੈ। ਉਨ੍ਹਾਂ ਇਹ ਗੱਲ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ। ਇਸ ਮੌਕੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ‘ਆਪ’ ਆਗੂ ਡਾ. ਸੰਨੀ ਆਹਲੂਵਾਲੀਆ ਤੇ ਫੈਰੀ ਸੋਫਤ ਵੀ ਮੌਜੂਦ ਸਨ, ਜਿਨ੍ਹਾਂ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਜਨਤਾ ਦਾ ਧੰਨਵਾਦ ਕੀਤਾ।
ਅਰੋੜਾ ਨੇ ਕਿਹਾ, ‘ਹੁਣ ਜਿੱਥੇ ‘ਆਪ’ ਪੰਜਾਬ ਦੇ ਸ਼ਹਿਰੀ ਖੇਤਰਾਂ ’ਚ ਅਧਿਕਾਰਤ ਤੌਰ ’ਤੇ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ, ਉੱਥੇ ਹੀ ਸ਼ਹਿਰੀ ਖੇਤਰਾਂ ’ਚ ਭਾਜਪਾ ਤੇ ਕਾਂਗਰਸ ਦੇ ਮਜ਼ਬੂਤ ਹੋਣ ਦਾ ਭਰਮ ਟੁੱਟ ਗਿਆ ਹੈ। ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ‘ਆਪ’ ਉਮੀਦਵਾਰਾਂ ਨੇ 55 ਫ਼ੀਸਦ ਸੀਟਾਂ ਜਿੱਤੀਆਂ ਜਦੋਂ ਕਿ ਅਕਾਲੀ-ਭਾਜਪਾ ਤੇ ਕਾਂਗਰਸ ਨੂੰ ਮਿਲਾ ਕੇ ਸਿਰਫ਼ 45 ਫ਼ੀਸਦੀ ਬਣਦਾ ਹੈ।’ ਉਨ੍ਹਾਂ ਕਿਹਾ ਕਿ ‘ਆਪ’ ਪੰਜ ਨਗਰ ਨਿਗਮਾਂ ਵਿੱਚੋਂ ਤਿੰਨ ’ਤੇ ਮੇਅਰ ਅਤੇ 42 ਨਗਰ ਕੌਂਸਲ ਤੇ ਨਗਰ ਪੰਚਾਇਤ ਵਿੱਚੋਂ 31 ’ਤੇ ਆਪਣਾ ਪ੍ਰਧਾਨ ਬਣਾਉਣ ਜਾ ਰਹੀ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਨੇ ਕਿਹਾ, ‘‘ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੌਰਾਨ ਸ਼ਹਿਰੀ ਖੇਤਰਾਂ ਦੇ ਲੋਕਾਂ ਨੇ ਭਾਜਪਾ ਨੂੰ ਸ਼ੀਸ਼ਾ ਦਿਖਾ ਕੇ ਉਨ੍ਹਾਂ ਦੇ ਪੰਜਾਬ ਵਿਰੋਧੀ ਰਵੱਈਏ ਦਾ ਜਵਾਬ ਦਿੱਤਾ ਹੈ। ਅਕਾਲੀ ਦਲ ਤੇ ਭਾਜਪਾ ਨੂੰ ਕਈ ਵਾਰਡਾਂ ਵੀ ਉਮੀਦਵਾਰ ਨਹੀਂ ਲੱਭੇ ਤੇ ਕਾਂਗਰਸ ਨੂੰ ਇਸ ਲਈ ਜੱਦੋਜਹਿਦ ਕਰਨੀ ਪਈ।’’

Advertisement

ਨਿਗਮ ਚੋਣਾਂ: ਵੱਡੇ ਸ਼ਹਿਰਾਂ ਵਿੱਚ ਨਾ ਚੱਲਿਆ ‘ਆਪ’ ਦਾ ਜਾਦੂ

ਪੰਜਾਬ ਵਿੱਚ ਕੱਲ੍ਹ ਹੋਈਆਂ 5 ਨਗਰ ਨਿਗਮਾਂ ਅਤੇ 42 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਸੱਤਾਧਾਰੀ ਧਿਰ ‘ਆਪ’, ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਲੋਕਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਈਆਂ। ਇਨ੍ਹਾਂ ਚੋਣਾਂ ਦੌਰਾਨ ‘ਆਪ’ ਦਾ ਜਾਦੂ ਵੱਡੇ ਸ਼ਹਿਰਾਂ ਵਿੱਚ ਨਹੀਂ ਚੱਲ ਸਕਿਆ ਹੈ ਜਦੋਂਕਿ ਛੋਟੇ ਸ਼ਹਿਰਾਂ ਵਿੱਚ ‘ਆਪ’ ਅੱਗੇ ਰਹੀ। ‘ਆਪ’ ਨੇ ਚਾਰ ਨਗਰ ਨਿਗਮਾਂ ਵਿੱਚੋਂ ਸਿਰਫ਼ ਪਟਿਆਲਾ ਵਿੱਚ ਬਹੁਮਤ ਹਾਸਲ ਕੀਤਾ ਹੈ ਜਦੋਂਕਿ ਜਲੰਧਰ ਤੇ ਲੁਧਿਆਣਾ ਬਹੁਮਤ ਤੋਂ ਦੂਰ ਹੈ। ਦੂਜੇ ਪਾਸੇ 42 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚੋਂ 29 ’ਤੇ ‘ਆਪ’ ਨੇ ਬਹੁਮਤ ਹਾਸਲ ਕੀਤਾ ਹੈ। ‘ਆਪ’ ਵੱਲੋਂ ਇਨ੍ਹਾਂ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੂਬਾ ਪ੍ਰਧਾਨ ਅਮਨ ਅਰੋੜਾ ਸਣੇ ਸਮੁੱਚੇ ਕੈਬਨਿਟ ਮੰਤਰੀ ਤੇ ਵਿਧਾਇਕ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਸਨ। ਦੂਜੇ ਪਾਸੇ, ਇਨ੍ਹਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ। ਕਾਂਗਰਸ ਦੋ ਨਗਰ ਨਿਗਮਾਂ ਅੰਮ੍ਰਿਤਸਰ ਤੇ ਫਗਵਾੜਾ ਵਿੱਚ ਅੱਗੇ ਰਹੀ ਹੈ। ਇਸੇ ਤਰ੍ਹਾਂ ਨਿਗਮ ਚੋਣਾਂ ਵਿੱਚ ਭਾਜਪਾ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੀ ਪੈਰ ਲਾਉਣ ਵਿੱਚ ਕਾਮਯਾਬ ਰਹੇ ਹਨ। ਹਾਲਾਂਕਿ ਭਾਜਪਾ ਬਹੁਮਤ ਤਾਂ ਕਿੱਥੋਂ ਵੀ ਹਾਸਲ ਨਹੀਂ ਕਰ ਸਕੀ ਪਰ 5 ਨਿਗਮਾਂ ਵਿੱਚ ਕੁੱਲ 55 ਵਾਰਡਾਂ ਤੇ ਨਗਰ ਕੌਂਸਲ ਅਤੇ ਪੰਚਾਇਆਂ ਵਿੱਚ 13 ਵਾਰਡਾਂ ’ਤੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਨਗਰ ਨਿਗਮਾਂ ਵਿੱਚ 11 ਅਤੇ ਨਗਰ ਕੌਂਸਲ ’ਚ 15 ਵਾਰਡਾਂ ’ਤੇ ਜਿੱਤ ਹਾਸਲ ਕੀਤੀ ਹੈ। ਬਸਪਾ ਨੇ ਵੀ ਫਗਵਾੜਾ ਵਿੱਚ ਤਿੰਨ ਵਾਰਡਾਂ ’ਚ ਜਿੱਤ ਹਾਸਲ ਕੀਤੀ ਹੈ।

16 ਫ਼ੀਸਦੀ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ

ਨਗਰ ਨਿਗਮ ਅਤੇ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ 16 ਫ਼ੀਸਦ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਪੰਜਾਬ ਵਿੱਚ 961 ਵਾਰਡਾਂ ’ਤੇ ਚੋਣਾਂ ਕਰਵਾਈ ਗਈਆਂ ਸਨ, ਇਨ੍ਹਾਂ ਵਿੱਚੋਂ 155 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਆਮ ਤੌਰ ’ਤੇ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ ਇਨ੍ਹਾਂ ਚੋਣਾਂ ਵਿੱਚ ਸੱਤਾਧਾਰੀ ਧਿਰ ਦੇ ਜ਼ਿਆਦਾਤਰ ਕੌਂਸਲਰ ਜਿੱਤ ਹਾਸਲ ਕਰਦੇ ਹਨ। ਪਿਛਲੀ ਵਾਰ ਸਾਲ 2017-18 ਵਿੱਚ ਹੋਈਆਂ ਚੋਣਾਂ ਦੌਰਾਨ ਵੀ ਪੰਜਾਬ ਭਰ ਵਿੱਚ ਜ਼ਿਆਦਾਤਰ ਵਾਰਡਾਂ ਵਿੱਚ ਸੱਤਾਧਾਰੀ ਧਿਰ ਦੇ ਉਮੀਦਵਾਰਾਂ ਨੇ ਹੀ ਜਿੱਤ ਹਾਸਲ ਕੀਤੀ ਸੀ, ਪਰ ਇਸ ਵਾਰ ਨਤੀਜੇ ਹੈਰਾਨੀਜਨਕ ਹਨ। ਨਗਰ ਨਿਗਮ ਅੰਮ੍ਰਿਤਸਰ, ਜਲੰਧਰ, ਫਗਵਾੜਾ ਤੇ ਲੁਧਿਆਣਾ ਵਿੱਚ ‘ਆਪ’ ਤੇ ਕਾਂਗਰਸ ਨੇ ਆਪਣਾ ਮੇਅਰ ਬਣਾਉਣ ਲਈ ਆਜ਼ਾਦ ਉਮੀਦਵਾਰਾਂ ’ਤੇ ਟੇਕ ਰੱਖ ਲਈ ਹੈ। ਇਸੇ ਤਰ੍ਹਾਂ ਨਗਰ ਕੌਂਸਲ ਤੇ ਪੰਚਾਇਤ ਦੀਆਂ ਚੋਣਾਂ ਵਿੱਚ ਸੱਤ ਥਾਵਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਬਹੁਮਤ ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਤਿੰਨ ਥਾਵਾਂ ’ਤੇ ਆਜ਼ਾਦ ਉਮੀਦਵਾਰਾਂ ਕਰ ਕੇ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲ ਸਕਿਆ।

Advertisement

Advertisement