‘ਆਪ’ ਨੇ ਨਸ਼ਿਆਂ ਤੇ ਬੇਅਦਬੀ ਮਾਮਲਿਆਂ ’ਚ ਕਾਰਵਾਈ ਨਹੀਂ ਕੀਤੀ: ਬਾਜਵਾ
ਜਸਵੀਰ ਸਿੰਘ ਬਰਾੜ
ਦੋਦਾ, 9 ਨਵੰਬਰ
ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਜ਼ਿਮਨੀ ਚੋਣ ’ਤੇ ਸਮੁੱਚੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਤੇ ਇੱਥੇ ਚੋਣ ਅਖਾੜਾ ਪੂਰੀ ਤਰ੍ਹਾਂ ਭਖ਼ ਚੁੱਕਿਆ ਹੈ।
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦੋਦਾ ਵਿੱਚ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਰਾਜ ਭਗਵੰਤ ਮਾਨ ਦੀ ਸਰਕਾਰ ਨਹੀਂ, ਸਗੋਂ ਗੈਂਗਸਟਰ ਕਰ ਰਹੇ ਹਨ। ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਵੀਡੀਓ ਬਣਾ ਕੇ ਲੋਕਾਂ ਨੂੰ ਡਰਾ-ਧਮਕਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਸ਼ਰੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਸ੍ਰੀ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਦਿਆਂ ਹੀ ਮਹੀਨੇ ਦੇ ਅੰਦਰ ਨਸ਼ੇ ਬੰਦ ਕਰ ਦਿੱਤੇ ਜਾਣਗੇ ਪਰ ਪੌਣੇ ਤਿੰਨ ਸਾਲ ਬੀਤਣ ’ਤੇ ਵੀ ਨਸ਼ੇ ਬੰਦ ਹੋਣ ਦੀ ਥਾਂ ਹੋਰ ਵੱਧ ਰਹੇ ਹਨ।
ਇਸ ਤੋਂ ਇਲਾਵਾ ਇਨ੍ਹਾਂ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬਹਿਬਲ, ਬਰਗਾੜੀ ਅਤੇ ਕੋਟਕਪੂਰਾ ਦੀਆਂ ਘਟਨਾਵਾਂ ਦੇ ਦੋਸ਼ੀ ਜੇਲ੍ਹਾਂ ਵਿੱਚ ਬੰਦ ਹੋਣਗੇ ਪਰ ਹਾਲੇ ਤੱਕ ਕੁਝ ਵੀ ਨਹੀਂ ਕੀਤਾ ਗਿਆ। ਇਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਉੱਤੇ ਕੋਈ ਕਿਸਾਨ ਖ਼ੁਦਕੁਸ਼ੀ ਨਹੀਂ ਕਰੇਗਾ ਪਰ ਕਿਸਾਨ ਹਾਲੇ ਵੀ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਸਰਕਾਰ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਕਿਸੇ ਦੁਖੀ ਪਰਿਵਾਰ ਦੇ ਹੰਝੂੂ ਪੂੰਝਣ ਤੱਕ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਗੁਰਦਾਸਪੁਰ ਦੀ ਮੰਡੀ ਦਾ ਨਾਮ ਲੈਂਦਿਆਂ ਕਿਹਾ ਉੱਥੇ ਪ੍ਰਤੀ ਕੁਇੰਟਲ 420 ਰੁਪਏ ਦੀ ਲੁੱਟ ਹੋ ਰਹੀ ਹੈ, ਕਿਸਾਨ ਕਣਕ ਦੀ ਬਿਜਾਈ ਲਈ ਚਿੰਤਤ ਹਨ, ਡੀਏਪੀ ਖਾਦ ਸੂਬੇ ਦੇ ਸਿਰਫ ਚਾਰ ਜ਼ਿਮਨੀ ਚੋਣਾਂ ਵਾਲੇ ਹਲਕਿਆਂ ਵਿੱਚ ਹੀ ਮਿਲ ਰਹੀ ਹੈ, ਜੋ 20 ਨਵੰਬਰ ਤੋਂ ਬਾਅਦ ਸ਼ਾਇਦ ਇੱਥੋਂ ਵੀ ਨਾ ਮਿਲੇ।
ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਅਕਾਲੀ ਦਲ, ਫਿਰ ਪੀਪੀਪੀ, ਫਿਰ ਕਾਂਗਰਸ ਦਾ ਖ਼ਾਤਮਾ ਕੀਤਾ ਅਤੇ ਹੁਣ ਭਾਜਪਾ ਦਾ ਖ਼ਾਤਮਾ ਕਰ ਦੇਣਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਪਿੰਡ ਹਰੀਕੇ ਕਲ੍ਹਾਂ, ਮੱਲ੍ਹਣ ਅਤੇ ਬਾਅਦ ਵਿੱਚ ਭਲਾਈਆਣਾ, ਕੋਟਭਾਈ ਅਤੇ ਗੁਰੂਸਰ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ’ਤੇ ਸ਼ਬਦੀ ਹਮਲੇ ਕੀਤੇ।