For the best experience, open
https://m.punjabitribuneonline.com
on your mobile browser.
Advertisement

‘ਆਪ’ ਵੱਲੋਂ ਭਾਜਪਾ ਦਾ ਮੈਨੀਫੈਸਟੋ ‘ਜੁਮਲਾ ਪੱਤਰ’ ਕਰਾਰ

09:17 AM Apr 15, 2024 IST
‘ਆਪ’ ਵੱਲੋਂ ਭਾਜਪਾ ਦਾ ਮੈਨੀਫੈਸਟੋ ‘ਜੁਮਲਾ ਪੱਤਰ’ ਕਰਾਰ
ਮੀਡੀਆ ਨੂੰ ਸੰਬੋਧਨ ਕਰਦੀ ਹੋਈ ਆਤਿਸ਼ੀ।
Advertisement

ਮਨਧੀਰ ਦਿਓਲ/ਪੀਟੀਆਈ
ਨਵੀਂ ਦਿੱਲੀ, 14 ਅਪਰੈਲ
ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਜਾਰੀ ਕੀਤੇ ਗਏ ਆਪਣੇ ਚੋਣ ਮਨੋਰਥ ਪੱਤਰ ਨੂੰ ਆਮ ਆਦਮੀ ਪਾਰਟੀ ਨੇ ‘ਜੁਮਲਾ ਪੱਤਰ’ ਕਰਾਰ ਦਿੱਤਾ ਹੈ। ਇਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਆਤਿਸ਼ੀ ਨੇ ਕਿਹਾ ਕਿ ਭਾਜਪਾ ਦਾ ਚੋਣ ਮੈਨੀਫੈਸਟੋ ਇੱਕ ਜੁਮਲੇ ਪੱਤਰ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਆਤਿਸ਼ੀ ਨੇ ਕਿਹਾ, ‘‘2024 ਦੀਆਂ ਲੋਕ ਸਭਾ ਚੋਣਾਂ ਲਈ ਮੋਦੀ ਜੀ ਨੇ ਭਾਜਪਾ ਦਾ ਮੈਨੀਫੈਸਟੋ ਨਹੀਂ ਬਲਕਿ ਜੁਮਲਾ ਪੱਤਰ ਜਾਰੀ ਕੀਤਾ ਹੈ, ਜੋ ਕਿ ਪਿਛਲੇ 10 ਸਾਲਾਂ ਵਿੱਚ ਭਾਜਪਾ ਵੱਲੋਂ ਪੂਰੇ ਨਾ ਕੀਤੇ ਗਏ ਵਾਅਦਿਆਂ ਦੀ ਕੱਚੀ ਸੂਚੀ ਪੂਰੇ ਦੇਸ਼ ਦੇ ਸਾਹਮਣੇ ਰੱਖੀ ਗਈ ਹੈ।’’
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੇ ਪਿਛਲੇ 10 ਸਾਲਾਂ ਵਿੱਚ ਸਿਰਫ ਆਪਣੇ ਬਿਆਨਾਂ ਨਾਲ ਦੇਸ਼ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਕਾਰਨ ਨੌਜਵਾਨ ਪ੍ਰੇਸ਼ਾਨ ਹਨ, ਰਸੋਈ ਗੈਸ ਸਿਲੰਡਰ ਦੀ ਕੀਮਤ 300 ਰੁਪਏ ਤੋਂ ਵਧ ਕੇ 1200 ਰੁਪਏ ਹੋ ਗਈ ਹੈ, ਜਦੋਂਕਿ ਡੀਜ਼ਲ ਦੀ ਕੀਮਤ 55 ਰੁਪਏ ਤੋਂ ਵਧ ਕੇ 90 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇ ਮੋਦੀ ਜੀ ਵਿਚ ਹਿੰਮਤ ਹੈ ਤਾਂ ਉਹ ਆ ਕੇ ਕਹਿਣ ਕਿ ਜੇਕਰ ਮੈਂ ਕੰਮ ਕੀਤਾ ਹੈ ਤਾਂ ਮੈਨੂੰ ਵੋਟ ਦਿਓ, ਨਹੀਂ ਤਾਂ ਮੈਨੂੰ ਵੋਟ ਨਾ ਦਿਓ। ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੇ ਨਰਿੰਦਰ ਮੋਦੀ ਨੇ ਆਪਣੇ 75 ਪੰਨਿਆਂ ਦੇ ਜੁਮਲਾ ਪੱਤਰ ਵਿੱਚ ਇਹ ਅੰਕੜੇ ਵੀ ਨਹੀਂ ਦਿੱਤੇ ਕਿ 10 ਸਾਲਾਂ ਵਿੱਚ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ। ਮਹਿੰਗਾਈ ਘਟਾਉਣ ਦਾ ਵਾਅਦਾ ਕੀਤਾ ਸੀ ਪਰ ਅੱਜ ਆਪਣੇ ਭਾਸ਼ਣ ਵਿੱਚ ਇਸ ਦੇ ਅੰਕੜੇ ਨਹੀਂ ਦਿੱਤੇ। ਪਿਛਲੇ 10 ਸਾਲਾਂ ’ਚ ਦੇਸ਼ ਵਿੱਚ ਮਹਿੰਗਾਈ ਦਾ ਪੱਧਰ ਘੱਟਣ ਦੀ ਬਜਾਏ ਦੁਨੀਆ ’ਚ ਦੂਜੇ ਨੰਬਰ ’ਤੇ ਪਹੁੰਚ ਗਿਆ ਹੈ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕਰਨ ਵਾਲੇ ਭਾਜਪਾ ਦੇ ਜੁਮਲਾ ਪੱਤਰ ਵਿਚ ਕਿਸਾਨਾਂ ਦੀ ਆਮਦਨ ਦਾ ਕੋਈ ਜ਼ਿਕਰ ਨਹੀਂ ਹੈ, ਐੱਮਐੱਸਪੀ ਕਾਨੂੰਨ ਦਾ ਕੋਈ ਜ਼ਿਕਰ ਨਹੀਂ ਹੈ, ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਭਾਜਪਾ ਪਿੱਛੇ ਹੱਟ ਗਈ ਹੈ। ਕੇਂਦਰ ਨੇ ਆਯੁਸ਼ਮਾਨ ਲਈ ਇਸ ਉੱਤੇ ਦਿੱਲੀ ਵਰਗੇ ਛੋਟੇ ਰਾਜ ਦੇ ਸਿਹਤ ਬਜਟ ਨਾਲੋਂ ਵੀ ਘੱਟ ਖਰਚ ਕੀਤਾ ਹੈ।
ਦਿੱਲੀ ਸਰਕਾਰ ਦੇ ਮੰਤਰੀ ਨੇ ਕਿਹਾ, ‘‘ਹਰ ਪਰਿਵਾਰ ਨੂੰ ਆਪਣੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਵੱਲੋਂ ਜਾਰੀ ਜੁਮਲਾ ਪੱਤਰ ’ਤੇ ਕੋਈ ਭਰੋਸਾ ਨਹੀਂ ਕਰੇਗਾ।’’ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਪਾਰਟੀ ਹੈੱਡਕੁਆਰਟਰ ’ਤੇ ਅਗਾਮੀ ਲੋਕ ਸਭਾ ਚੋਣਾਂ ਲਈ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਮੈਨੀਫੈਸਟੋ ਖਾਸ ਤੌਰ ’ਤੇ ਗਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਔਰਤਾਂ ’ਤੇ ਕੇਂਦਰਿਤ ਹੈ।

Advertisement

Advertisement
Author Image

Advertisement
Advertisement
×