For the best experience, open
https://m.punjabitribuneonline.com
on your mobile browser.
Advertisement

ਕਿਰਨ ਖੇਰ ਦਾ ਵਿਰੋਧ ਕਰਨ ਜਾਂਦੇ ‘ਆਪ’ ਕੌਂਸਲਰ ਹਿਰਾਸਤ ’ਚ ਲਏ

08:37 PM Jun 23, 2023 IST
ਕਿਰਨ ਖੇਰ ਦਾ ਵਿਰੋਧ ਕਰਨ ਜਾਂਦੇ ‘ਆਪ’ ਕੌਂਸਲਰ ਹਿਰਾਸਤ ’ਚ ਲਏ
Advertisement

ਆਤਿਸ਼ ਗੁਪਤਾ

Advertisement

ਚੰਡੀਗੜ੍ਹ, 8 ਜੂਨ

ਚੰਡੀਗੜ੍ਹ ਦੇ ਪਿੰਡ ਸਾਰੰਗਪੁਰ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੀ ਸੰਸਦ ਮੈਂਬਰ ਕਿਰਨ ਖੇਰ ਦਾ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਤਿੱਖਾ ਵਿਰੋਧ ਕੀਤਾ। ਇਸ ਦੌਰਾਨ ਚੰਡੀਗੜ੍ਹ ਪੁਲੀਸ ਨੇ ਕਿਰਨ ਖੇਰ ਦਾ ਵਿਰੋਧ ਕਰਨ ਵਾਲੇ ‘ਆਪ’ ਦੇ ਚਾਰ ਕੌਂਸਲਰਾਂ ਨੂੰ ਹਿਰਾਸਤ ‘ਚ ਲੈ ਕੇ ਸੈਕਟਰ-17 ਦੇ ਥਾਣੇ ਪਹੁੰਚਾ ਦਿੱਤਾ। ਪੁਲੀਸ ਵੱਲੋਂ ਹਿਰਾਸਤ ‘ਚ ਲਏ ਗਏ ‘ਆਪ’ ਕੌਂਸਲਰਾਂ ਵਿੱਚ ਦਮਨਪ੍ਰੀਤ ਸਿੰਘ, ਪ੍ਰੇਮ ਲਤਾ, ਲਾਡੀ ਤੇ ਅੰਜੂ ਕਤਿਆਲ ਸ਼ਾਮਲ ਸਨ। ‘ਆਪ’ ਕੌਂਸਲਰਾਂ ਨੂੰ ਹਿਰਾਸਤ ‘ਚ ਲੈਣ ਦੀ ਜਾਣਕਾਰੀ ਮਿਲਦੇ ਹੀ ‘ਆਪ’ ਦੇ ਸੀਨੀਅਰ ਆਗੂ ਪ੍ਰੇਮ ਗਰਗ ਤੇ ਪ੍ਰਦੀਪ ਛਾਬੜਾ ਕਈ ਹੋਰਨਾਂ ਆਗੂਆਂ ਸਣੇ ਸੈਕਟਰ-17 ਦੇ ਥਾਣੇ ਪਹੁੰਚ ਗਏ।

‘ਆਪ’ ਆਗੂ ਪ੍ਰੇਮ ਗਰਗ ਨੇ ਕਿਹਾ ਕਿ 6 ਜੂਨ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਭਾਜਪਾ ਨੇ ਜਬਰੀ ਡੱਡੂਮਾਜਰਾ ਡੰਪਿੰਗ ਗਰਾਊਂਡ ਸਬੰਧੀ ਮਤਾ ਪਾਸ ਕੀਤਾ ਹੈ ਜਦੋਂ ਕਿ ਡੱਡੂਮਾਜਰਾ ਦੇ ਲੋਕਾਂ ਵੱਲੋਂ ਨਵਾਂ ਪਲਾਂਟ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸ੍ਰੀ ਗਰਗ ਨੇ ਕਿਹਾ ਕਿ ਉਨ੍ਹਾਂ ਨੇ ਲੰਘੇ ਦਿਨ ਯੂਟੀ ਦੇ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਪਲਾਂਟ ਲਗਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਡੱਡੂਮਾਜਰਾ ਵਿੱਚ ਲੱਗਣ ਵਾਲੇ ਨਵੇਂ ਪਲਾਂਟ ਦਾ ਵਿਰੋਧ ਜਾਰੀ ਰੱਖੇਗੀ। ਪੁਲੀਸ ਵੱਲੋਂ ‘ਆਪ’ ਕੌਂਸਲਰਾਂ ਨੂੰ ਹਿਰਾਸਤ ‘ਚ ਲਏ ਜਾਣ ਮਗਰੋਂ ਸੰਸਦ ਮੈਂਬਰ ਕਿਰਨ ਖੇਰ ਨੇ ਅੱਜ ਪਿੰਡ ਸਾਰੰਗਪੁਰ ਵਿੱਚ ਅੰਦਰੂਨੀ ਗਲੀਆਂ ‘ਤੇ ਪੇਵਰ ਬਲਾਕ ਲਗਾਉਣ ਅਤੇ ਪਿੰਡ ਦੀ ਫਿਰਨੀ ਵਾਲੇ ਰੋਡ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ।

ਇਸ ਦੌਰਾਨ ਸੰਸਦ ਮੈਂਬਰ ਨੇ ਕਿਹਾ ਕਿ ਪਿੰਡ ਦੇ ਕਰੀਬ 16 ਹਜ਼ਾਰ ਲੋਕਾਂ ਨੂੰ ਇਸ ਪ੍ਰਾਜੈਕਟ ਦਾ ਲਾਭ ਮਿਲੇਗਾ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਲ ਸਪਲਾਈ, ਸੀਵਰੇਜ ਆਦਿ ਦੀ ਸਹੂਲਤ ਮੁਹੱਈਆ ਕਰਵਾਉਣ ਅਤੇ ਜਨ ਸਿਹਤ ਸੇਵਾਵਾਂ ਨੂੰ ਅਪਗ੍ਰੇਡ ਕਰਨ ਦੇ ਕੰਮ ਕਾਰਨ ਸੜਕਾਂ ਟੁੱਟ ਚੁੱਕੀਆਂ ਹਨ। ਨਗਰ ਨਿਗਮ ਨੇ ਇਨ੍ਹਾਂ ਪਿੰਡਾਂ ਨੂੰ ਸ਼ਹਿਰ ਦੇ ਵੱਕਾਰੀ 24×7 ਜਲ ਸਪਲਾਈ ਪ੍ਰਾਜੈਕਟ ਵਿੱਚ ਵੀ ਸ਼ਾਮਲ ਕੀਤਾ ਹੈ ਤਾਂ ਜੋ ਇਨ੍ਹਾਂ ਪਿੰਡਾਂ ਨੂੰ ਵੀ 24 ਘੰਟੇ ਨਿਰਵਿਘਨ ਜਲ ਸਪਲਾਈ ਮਿਲ ਸਕੇ, ਜਿਸ ਲਈ ਇਸ ਸਾਲ ਕੰਮ ਸ਼ੁਰੂ ਹੋਣ ਦੀ ਆਸ ਹੈ।

ਸੈਕਟਰ-17 ਦੇ ਥਾਣੇ ਵਿੱਚ ਬੈਠੇ ‘ਆਪ’ ਆਗੂ ਪ੍ਰਦੀਪ ਛਾਬੜਾ ਤੇ ਪਾਰਟੀ ਦੇ ਕੌਂਸਲਰ।

ਸ਼ਹਿਰ ਦੇ ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਅੰਦਰੂਨੀ ਗਲੀਆਂ ‘ਚ ਪੇਵਰ ਬਲਾਕ ਅਤੇ ਫਿਰਨੀ ਸੜਕਾਂ ਦੀ ਉਸਾਰੀ ਦਾ ਕੰਮ ਛੇ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਇਸ ਕੰਮ ‘ਤੇ ਨਗਰ ਨਿਗਮ ਵਲੋਂ 90 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਦੀ ਫਿਰਨੀ ਵਾਲੀ ਸੜਕ ਨੂੰ ਵੀ 6 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਸ ਕਾਰਜ ਤੇ 85 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਮੇਅਰ ਨੇ ਅੱਗੇ ਦੱਸਿਆ ਕਿ ਸਾਲ 2018 ਵਿੱਚ ਪ੍ਰਸ਼ਾਸਨ ਨੇ ਸ਼ਹਿਰ ਦੇ ਤਿੰਨ ਪਿੰਡਾਂ ਨੂੰ ਨਗਰ ਨਿਗਮ ਅਧੀਨ ਲਿਆ ਸੀ ਅਤੇ ਨਗਰ ਨਿਗਮ ਵੱਲੋਂ ਇਨ੍ਹਾਂ ਪਿੰਡਾਂ ਦੇ ਵਿਕਾਸ ਲਈ 50 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਅਤੇ ਜਲ ਸਪਲਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਕੰਮ ਮੁਕੰਮਲ ਹੋਣ ਨੇੜੇ ਹਨ। ਮੇਅਰ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ 17 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਦੇ ਹੋਰ ਕਾਰਜ ਵੀ ਕੀਤੇ ਜਾਣਗੇ। ਇਸ ਮੌਕੇ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿੱਤਰਾ ਸਮੇਤ ਸੀਨੀਅਰ ਡਿਪਟੀ ਮੇਅਰ, ਹੋਰ ਕੌਂਸਲਰ, ਨਿਗਮ ਅਧਿਕਾਰੀ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

Advertisement
Advertisement
Advertisement
×