‘ਆਪ’ ਨੇ ਕੇਜਰੀਵਾਲ ਦਾ ਜਨਮ ਦਿਨ ਮਨਾਇਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਗਸਤ
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਜੇਲ੍ਹ ’ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਪਾਰਟੀ ਸੁਪਰੀਮੋ ਦੇਸ਼ ਵਿੱਚ ਚੱਲ ਰਹੀ ਤਾਨਾਸ਼ਾਹੀ ਖ਼ਿਲਾਫ਼ ਸਭ ਤੋਂ ਮੁਸ਼ਕਲ ਲੜਾਈ ਲੜ ਰਹੇ ਹਨ। ਇਸ ਦੌਰਾਨ ‘ਆਪ’ ਆਗੂਆਂ ਤੇ ਵਰਕਰਾਂ ਨੇ ਤਿਹਾੜ ਜੇਲ੍ਹ ਦੇ ਬਾਹਰ ਕੇਕ ਕੱਟ ਕੇ ਮੁੱਖ ਮੰਤਰੀ ਕੇਜਰੀਵਾਲ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ। ਇਸ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ, ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਅਤੇ ਹੋਰ ਆਗੂਆਂ ਨੇ ਵੀ ਕੇਜਰੀਵਾਲ ਨੂੰ ਵਧਾਈ ਦਿੱਤੀ।
ਸਿਸੋਦੀਆ ਨੇ ‘ਐਕਸ’ ’ਤੇ ਕਿਹਾ, ‘‘ਸਾਨੂੰ ਇੱਕ ਦੇਸ਼ ਭਗਤ ਅਤੇ ਕ੍ਰਾਂਤੀਕਾਰੀ ਆਗੂ ਦੇ ਸਿਪਾਹੀ ਹੋਣ ’ਤੇ ਮਾਣ ਹੈ, ਜਿਸ ਨੇ ਤਾਨਾਸ਼ਾਹ ਅੱਗੇ ਗੋਡੇ ਟੇਕਣ ਦੀ ਬਜਾਏ ਜੇਲ੍ਹ ਜਾਣਾ ਚੁਣਿਆ। ਅੱਜ ਦੇਸ਼ ਦਾ ਲੋਕਤੰਤਰ ਅਰਵਿੰਦ ਕੇਜਰੀਵਾਲ ਦੇ ਰੂਪ ਵਿੱਚ ਕੈਦ ਹੈ। ਦਿੱਲੀ ਦੇ ਮੁੱਖ ਮੰਤਰੀ, ਮੇਰੇ ਪਿਆਰੇ ਦੋਸਤ ਅਤੇ ਰਾਜਨੀਤਿਕ ਗੁਰੂ ਅਰਵਿੰਦ ਕੇਜਰੀਵਾਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ, ਜਿਨ੍ਹਾਂ ਨੇ ਦੇਸ਼ ਵਿੱਚ ਚੱਲ ਰਹੀ ਤਾਨਾਸ਼ਾਹੀ ਵਿਰੁੱਧ ਸਭ ਤੋਂ ਸਖ਼ਤ ਲੜਾਈ ਲੜੀ।’’
ਦਿੱਲੀ ਦੇ ਮੰਤਰੀ ਆਤਿਸ਼ੀ ਨੇ ਕੇਜਰੀਵਾਲ ਨੂੰ ‘ਆਧੁਨਿਕ ਭਾਰਤ ਦਾ ਕ੍ਰਾਂਤੀਕਾਰੀ’ ਦੱਸਿਆ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਜਲਦੀ ਹੀ ਜੇਲ੍ਹ ਤੋਂ ਬਾਹਰ ਆ ਜਾਣਗੇ। ਆਤਿਸ਼ੀ ਨੇ ਐਕਸ ‘ਤੇ ਕਿਹਾ, “ਅੱਜ ਆਧੁਨਿਕ ਭਾਰਤ ਦੇ ਕ੍ਰਾਂਤੀਕਾਰੀ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਹੈ, ਜਿਸ ਨੇ ਆਪਣੇ ਸ਼ਾਸਨ ਮਾਡਲ ਨਾਲ ਦਿੱਲੀ ਦੀ ਹਾਲਤ ਬਦਲ ਦਿੱਤੀ। ਆਪਣੀ ਇਮਾਨਦਾਰ ਰਾਜਨੀਤੀ ਨਾਲ ਦਿੱਲੀ ਦੇ ਲੋਕਾਂ ਨੂੰ ਨਵੀਂ ਉਮੀਦ ਦਿੱਤੀ। ਤਾਨਾਸ਼ਾਹੀ ਨਾਲ ਲੜਦੇ ਹੋਏ ਲੱਖਾਂ ਲੋਕਾਂ ਦੇ ਭਵਿੱਖ ਨੂੰ ਸਵਾਰਨ ਵਾਲੇ ਅਰਵਿੰਦ ਜੀ ਅੱਜ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਹਨ ਪਰ ਸੱਚ ਦੀ ਜਿੱਤ ਹੋਵੇਗੀ ਅਤੇ ਦਿੱਲੀ ਵਾਸੀਆਂ ਦੇ ਚਹੇਤੇ ਮੁੱਖ ਮੰਤਰੀ ਬਾਹਰ ਆਉਣਗੇ।’’ ਇਸੇ ਤਰ੍ਹਾਂ ‘ਐਕਸ’ ’ਤੇ ਇੱਕ ਪੋਸਟ ਵਿੱਚ ‘ਆਪ’ ਨੇ ਕਿਹਾ, ‘‘ਅਰਵਿੰਦ ਕੇਜਰੀਵਾਲ ਇੱਕ ਵਿਚਾਰ ਹੈ, ਇਸ ਨੂੰ ਜਿੰਨਾ ਦਬਾਇਆ ਜਾਂਦਾ ਹੈ, ਉਹ ਮਜ਼ਬੂਤ ਹੁੰਦਾ ਹੈ।’’ ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੂੰ 21 ਮਾਰਚ ਨੂੰ ਈਡੀ ਨੇ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ।