ਸ਼ੇਰਪੁਰ ਅਤੇ ਫ਼ਤਹਿਗੜ੍ਹ ਬੇਟ ਦੀ ਪੰਚਾਇਤ ’ਚ ‘ਆਪ’ ਉਮੀਦਵਾਰ ਜੇਤੂ ਰਹੇ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 16 ਅਕਤੂਬਰ
ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਤੇ ‘ਆਪ’ ਆਗੂ ਸੋਹਣ ਲਾਲ ਸ਼ੇਰਪੁਰੀ ਨੇ ਬੇਟ ਖੇਤਰ ਦੇ ਦੋ ਪਿੰਡਾਂ ਵਿੱਚ ਪੰਚਾਇਤ ਦੀ ਚੋਣ ਵੱਕਾਰ ਦਾ ਸਵਾਲ ਬਣਾ ਕੇ ਲੜੀ ਅਤੇ ਇੱਥੋਂ ਉਨ੍ਹਾਂ ਨੇ ਕਾਂਗਰਸ ਦਾ ਗੜ੍ਹ ਤੋੜਕੇ ‘ਆਪ’ ਦਾ ਝੰਡਾ ਬੁਲੰਦ ਕੀਤਾ। ਸ੍ਰੀ ਸ਼ੇਰਪੁਰੀ ਨੇ ਪਿੰਡ ਸ਼ੇਰਪੁਰ ਅਤੇ ਫ਼ਤਹਿਗੜ੍ਹ ਬੇਟ ਵਿੱਚ ਸਰਪੰਚ ਤੇ ਪੰਚਾਇਤ ਮੈਂਬਰ ਚੋਣ ਮੈਦਾਨ ਵਿੱਚ ਉਤਾਰੇ। ਇਨ੍ਹਾਂ ਦੋਵਾਂ ਪਿੰਡਾਂ ਵਿੱਚ ਗਹਿਗੱਚ ਮੁਕਾਬਲਾ ਹੋਇਆ ਅਤੇ ਸੋਹਣ ਸ਼ੇਰਪੁਰੀ ਇੱਥੇ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਨ ਵਿੱਚ ਕਾਮਯਾਬ ਰਹੇ ਜਿਨ੍ਹਾਂ ਦੀ ਸਾਰੀ ਪੰਚਾਇਤ ਬਹੁਮਤ ਨਾਲ ਜਿੱਤੀ। ਅੱਜ ਸੋਹਣ ਲਾਲ ਸ਼ੇਰਪੁਰੀ ਨੇ ਸ਼ੇਰਪੁਰ ਬੇਟ ਅਤੇ ਫ਼ਤਹਿਗੜ੍ਹ ਬੇਟ ਤੋਂ ਜਿੱਥੇ ਦੋਵੇਂ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਦਾ ਸਨਮਾਨ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਇਨ੍ਹਾਂ ਦੋਵਾਂ ਪਿੰਡਾਂ ’ਚੋਂ ਜੋ ਚੋਣ ਨਤੀਜੇ ਸਾਹਮਣੇ ਆਏ, ਉਨ੍ਹਾਂ ਵਿੱਚ ਸ਼ੇਰਪੁਰ ਵਿੱਚ ‘ਆਪ’ ਸਮਰਥਕ ਪਵਨ ਕੁਮਾਰ ਸਰਪੰਚ, ਗੁਰਵਿੰਦਰ ਕੌਰ, ਸੰਜੀਵ ਮੜਕਨ, ਜਰਨੈਲ ਸਿੰਘ, ਪਿੰਕੀ ਪੰਚਾਇਤ ਮੈਂਬਰ ਚੁਣੇ ਗਏ। ਇਸ ਤੋਂ ਇਲਾਵਾ ਫ਼ਤਹਿਗੜ੍ਹ ਬੇਟ ਵਿੱਚ ਵੀ ਆਮ ਆਦਮੀ ਪਾਰਟੀ ਦੀ ਪੰਚਾਇਤ ਚੁਣੀ ਗਈ ਜਿਸ ਵਿੱਚ ਅਨੀਤਾ ਦੇਵੀ ਪਤਨੀ ਕੁਲਦੀਪ ਸਿੰਘ ਸਰਪੰਚ, ਬਲਜੀਤ ਕੌਰ, ਗੁਰਦੇਵ ਸਿੰਘ ਤੇ ਗੁਰਿੰਦਰ ਸਿੰਘ ਪੰਚ ਚੁਣੇ ਗਏ।
ਇਸ ਮੌਕੇ ਜਸਵੀਰ ਸਿੰਘ, ਅਸ਼ੋਕ ਕੁਮਾਰ, ਅਮਰੀਕ ਸਿੰਘ ਖੁਰਾਣਾ, ਦਲਵੀਰ ਸਿੰਘ ਖੁਰਾਣਾ (ਦੋਵੇਂ ਸਾਬਕਾ ਸਰਪੰਚ), ਰਾਜਵੀਰ ਸਿੰਘ ਖੁਰਾਣਾ, ਸਤਪਾਲ, ਤਰਸੇਮ ਲਾਲ ਬਿੱਲਾ, ਗੁਲਜ਼ਾਰੀ ਲਾਲ, ਚਮਨ ਲਾਲ, ਫਕੀਰ ਸਿੰਘ ਫੌਜੀ, ਸਾਬਕਾ ਸਰਪੰਚ ਜਸਪਾਲ ਸਿੰਘ, ਸੋਹਣ ਸਿੰਘ ਫੌਜੀ, ਨਸੀਬ ਸਿੰਘ, ਮੱਖਣ ਸਿੰਘ, ਨਛੱਤਰ ਸਿੰਘ, ਪ੍ਰਤੀਮ ਸਿੰਘ, ਗੁਰਮੀਤ ਸਿੰਘ ਅਤੇ ਤਾਰਾ ਸਿੰਘ ਮੌਜੂਦ ਸਨ।