For the best experience, open
https://m.punjabitribuneonline.com
on your mobile browser.
Advertisement

‘ਆਪ’ ਉਮੀਦਵਾਰ ਕੋਈ ਇੱਕ ਵੀ ਵਿਕਾਸ ਕਾਰਜ ਦਿਖਾਉਣ: ਜਥੇਦਾਰ ਵਡਾਲਾ

07:13 AM May 23, 2024 IST
‘ਆਪ’ ਉਮੀਦਵਾਰ ਕੋਈ ਇੱਕ ਵੀ ਵਿਕਾਸ ਕਾਰਜ ਦਿਖਾਉਣ  ਜਥੇਦਾਰ ਵਡਾਲਾ
ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਗੁਰਪ੍ਰਤਾਪ ਸਿੰਘ ਵਡਾਲਾ। -ਫੋਟੋ: ਮਲਕੀਅਤ ਸਿੰਘ
Advertisement

ਪੱਤਰ ਪ੍ਰੇਰਕ
ਜਲੰਧਰ, 22 ਮਈ
ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਨਕੋਦਰ ਤੋਂ ਜਥੇਦਾਰ ਗੁਰ ਪ੍ਰਤਾਪ ਸਿੰਘ ਵਡਾਲਾ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੀ ਅਗਵਾਈ ਹੇਠ ਅੱਜ ਪਿੰਡਾਂ ਵਿੱਚ ਚੋਣ ਇਕੱਤਰਤਾ ਹੋਈ। ਨਕੋਦਰ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਲੋਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਥੇਦਾਰ ਵਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਲੋਕਾਂ ਕੋਲੋਂ ਵਿਕਾਸ ਦੇ ਨਾਂ ’ਤੇ ਵੋਟਾਂ ਮੰਗਣ ਤੋਂ ਪਹਿਲਾਂ ਆਪਣੀ ਸਰਕਾਰ ਦੇ ਤਕਰੀਬਨ ਤਿੰਨ ਸਾਲਾਂ ਦੇ ਕਾਰਜ ਕਾਲ ਦੌਰਾਨ ਹੋਇਆ ਕੋਈ ਇੱਕ ਵੀ ਵਿਕਾਸ ਕਾਰਜ ਦਿਖਾਉਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਤੋਂ ਬਾਅਦ ਕਿਸੇ ਸਰਕਾਰ ਨੇ ਸੂਬੇ ਵਿੱਚ ਵਿਕਾਸ ਕਾਰਜ ਨਹੀਂ ਕੀਤਾ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਿਸਾਨ ਵਿਰੋਧੀ ਹੋਣ ਕਾਰਨ ਪਿੰਡਾਂ ਵਿੱਚ ਵੜਨ ਦੀ ਹਿੰਮਤ ਨਹੀਂ ਕਰ ਰਹੇ। ਦੂਜੇ ਪਾਸੇ ਨਸ਼ਿਆਂ ਨੂੰ ਖਤਮ ਕਰਨ ਲਈ ਗੁਟਕਾ ਸਾਹਿਬ ’ਤੇ ਹੱਥ ਧਰ ਕੇ ਝੂਠੀ ਸਹੁੰ ਖਾ ਕੇ ਪੰਜ ਸਾਲ ਰਾਜ ਕਰ ਚੁੱਕੀ ਕਾਂਗਰਸ ਕੋਲ ਲੋਕਾਂ ਸਾਹਮਣੇ ਜਾਣ ਲਈ ਕੋਈ ਵੀ ਮੁੱਦਾ ਨਹੀਂ ਹੈ।
ਜਥੇਦਾਰ ਵਡਾਲਾ ਨੇ ਕਿਹਾ ਕਿ ਇਸ ਵਾਰ ਜਲੰਧਰ ਦੇ ਲੋਕਾਂ ਨੂੰ ਲੰਬੇ ਅਰਸੇ ਤੋਂ ਬਾਅਦ ਮਹਿੰਦਰ ਸਿੰਘ ਕੇਪੀ ਜੀ ਸਾਫ਼ ਸੁਥਰੀ ਸ਼ਖਸ਼ੀਅਤ ਵਾਲੇ ਲੋਕ ਸਭਾ ਉਮੀਦਵਾਰ ਮਿਲੇ ਹਨ, ਜਿਸ ਕਾਰਨ ਹਲਕੇ ਵਿੱਚ ਪੰਥਕ ਲੋਕਾਂ ਵਿੱਚ ਅਤੇ ਸਮੂਹ ਭਾਈਚਾਰਿਆਂ ਵਿੱਚ ਭਾਰੀ ਉਤਸ਼ਾਹ ਹੈ। ਜਥੇਦਾਰ ਵਡਾਲਾ ਨੇ ਦਾਅਵਾ ਕੀਤਾ ਕਿ ਅਕਾਲੀ ਵਰਕਰ ਮਹਿੰਦਰ ਸਿੰਘ ਕੇਪੀ ਨੂੰ ਜਿਤਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ। ਉਨ੍ਹਾਂ ਕਿਹਾ ਕਿ ‘ਆਪ’ ਦੇ ਲੋਕ ਸਭਾ ਉਮੀਦਵਾਰ ਪਵਨ ਟੀਨੂ, ਜੋ ਤਿੰਨ ਪਾਰਟੀਆਂ ਦਾ ਗੱਦਾਰ ਹੈ, ਨੂੰ ਜਲੰਧਰ ਦੇ ਲੋਕ ਸਬਕ ਸਿਖਾਉਣਗੇ। ਇਸ ਮੌਕੇ ਹਰਭਜਨ ਸਿੰਘ ਹੁੰਦਲ, ਲਸ਼ਕਰ ਸਿੰਘ ਰਹੀਮਪੁਰ, ਅਵਤਾਰ ਸਿੰਘ ਕਲੇਰ, ਸੁਰਤੇਜ ਸਿੰਘ ਬਾਸੀ, ਗੁਰਨਾਮ ਸਿੰਘ ਕੰਦੋਲਾ, ਲਖਵਿੰਦਰ ਸਿੰਘ ਹੋਠੀ, ਸਰਪੰਚ ਮਨੋਹਰ ਹੇਰਾਂ, ਅਵਤਾਰ ਸਿੰਘ ਖੀਵਾ ਤੇ ਹੋਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×