‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੀ ਪ੍ਰਚਾਰ ਮੁਹਿੰਮ ਨੇ ਜ਼ੋਰ ਫੜਿਆ
ਯਸ਼ ਚਟਾਨੀ
ਬਾਘਾ ਪੁਰਾਣਾ, 30 ਮਾਰਚ
ਲੋਕ ਸਭਾ ਹਲਕਾ ਫ਼ਰੀਦਕੋਟ ’ਚ ਆਮ ਆਦਮੀ ਪਾਰਟੀ ਵੱਲੋਂ ਪੰਜਾਬੀ ਫਿਲਮ ਸਟਾਰ ਕਰਮਜੀਤ ਅਨਮੋਲ ਨੂੰ ਟਿਕਟ ਦੇ ਕੇ ਕੀਤੀ ਗਈ ਪਹਿਲਕਦਮੀ ਨਾਲ ‘ਆਪ’ ਦੀ ਪ੍ਰਚਾਰ ਮੁਹਿੰਮ ਨੇ ਜ਼ੋਰ ਫੜਿਆ ਹੈ। ਭਾਵੇਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕਾਰਨ ਆਮ ਆਦਮੀ ਪਾਰਟੀ ਦਾ ਹਰ ਛੋਟੇ ਤੋਂ ਵੱਡਾ ਆਗੂ ਅਤੇ ਵਰਕਰ ਇਸ ਵੇਲੇ ਭਾਜਪਾ ਖ਼ਿਲਾਫ਼ ਵਿੱਢੇ ਸੰਘਰਸ਼ ’ਚ ਸਰਗਰਮ ਹੈ, ਪਰ ਫਿਰ ਵੀ ਐਲਾਨੇ ਗਏ ਉਮੀਦਵਾਰ ਜਿਵੇਂ ਨਾਂ ਤਿਵੇਂ ਆਪਣੀ ਪ੍ਰਚਾਰ ਮੁਹਿੰਮ ਨੂੰ ਮੱਠੀ ਨਹੀਂ ਪੈਣ ਦੇ ਰਹੇ। ਕਰਮਜੀਤ ਅਨਮੋਲ ਲਈ ਪ੍ਰਚਾਰ ਕਰਨ ਵਾਲੇ ਵਰਕਰ ਜਿਨ੍ਹਾਂ ਦੀਆਂ ਡਿਊਟੀਆਂ ਪੱਕੇ ਤੌਰ ’ਤੇ ਲਾਈਆਂ ਗਈਆਂ ਹਨ, ਉਹ ਪ੍ਰਚਾਰ ਵਿੱਚ ਉਸੇ ਤਰ੍ਹਾਂ ਜੁਟੇ ਹੋਏ ਹਨ।
ਕਰਮਜੀਤ ਅਨਮੋਲ ਦੇ ਇੱਕ ਪੰਜਾਬੀ ਫਿਲਮ ਸਟਾਰ ਅਤੇ ਕਾਮੇਡੀ ਕਲਾਕਾਰ ਹੋਣ ਕਾਰਨ ਉਸ ਦੁਆਲੇ ਨੌਜਵਾਨ ਵਰਗ ਦੀ ਵੱਡੀ ਭੀੜ ਜੁੜ ਰਹੀ ਹੈ ਜਦਕਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਇਹ ਗੱਲ ਵੀ ਜ਼ੋਰ ਨਾਲ ਪ੍ਰਚਾਰੀ ਜਾ ਰਹੀ ਹੈ ਕਿ ਇਸ ਹਲਕੇ ਤੋਂ ਪਹਿਲਾਂ ਵੀ ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਸੰਸਦ ਮੈਂਬਰ ਬਣੇ ਸਨ, ਜਿਨ੍ਹਾਂ ਦੀ ਲੋਕ ਸਭਾ ਅੰਦਰ ਨਾ ਤਾਂ ਹਾਜ਼ਰੀ ਹੀ ਸੰਤੁਸ਼ਟੀਜਨਕ ਰਹੀ ਅਤੇ ਨਾ ਹੀ ਹੋਰ ਕੋਈ ਠੋਸ ਕਾਰਗੁਜ਼ਾਰੀ ਵਾਲਾ ਮਾਅਰਕਾ ਹੀ ਉਨ੍ਹਾਂ ਮਾਰਿਆ ਹੈ।
ਦੂਜੇ ਪਾਸੇ ਕੁਝ ਵੋਟਰਾਂ ਦਾ ਕਹਿਣਾ ਹੈ ਕਿ ਸੰਗਰੂਰ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਭਗਵੰਤ ਮਾਨ ਵੀ ਕਾਮੇਡੀ ਕਲਾਕਾਰ ਸਨ, ਜਿਨ੍ਹਾਂ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਤੱਕ ਦਾ ਧਿਆਨ ਆਪਣੀ ਪ੍ਰਭਾਵਸ਼ਾਲੀ ਤਕਰੀਰ ਦੌਰਾਨ ਸਦਾ ਖਿੱਚੀ ਰੱਖਿਆ। ਲੋਕਾਂ ਨੇ ਕਿਹਾ ਕਿ ਜੇ ਬਾਕੀ ਪਾਰਟੀਆਂ ਵਲੋਂ ਲੋਕ ਸਭਾ ਦੀਆਂ ਟਿਕਟਾਂ ਦੀ ਗੱਲ ਕਰੀਏ ਤਾਂ ਸਿਰਫ ਪੰਜਾਬ ਵਿਚ ਹੀ ਹੰਸ ਰਾਜ ਹੰਸ, ਮੁਹੰਮਦ ਸਦੀਕ, ਵਿਨੋਦ ਖੰਨਾ, ਸੰਨੀ ਦਿਓਲ ਆਦਿ ਉਹ ਸਟਾਰ ਹਨ ਜਿਹੜੇ ਸਮੇਂ-ਸਮੇਂ ’ਤੇ ਚੋਣਾਂ ਲੜਦੇ ਵੀ ਰਹੇ ਅਤੇ ਜਿੱਤਦੇ ਵੀ ਰਹੇ ਪਰ ਕੋਈ ਵੀ ਸਟਾਰ ਭਗਵੰਤ ਮਾਨ ਦਾ ਮੁਕਾਬਲਾ ਨਾ ਕਰ ਸਕਿਆ। ਹਲਕੇ ਬਾਘਾਪੁਰਾਣਾ ਅਤੇ ਇਸ ਦੇ ਨਾਲ ਲੱਗਦੇ ਹੋਰਨਾਂ ਹਲਕਿਆਂ ਦੇ ਵੱਡੀ ਗਿਣਤੀ ਵੋਟਰਾਂ ਨੇ ਕਰਮਜੀਤ ਅਨਮੋਲ ਦੀ ‘ਆਪ’ ਵੱਲੋਂ ਉਮੀਦਵਾਰ ਵਜੋਂ ਕੀਤੀ ਗਈ ਚੋਣ ਨੂੰ ਦਰੁੱਸਤ ਦੱਸਿਆ।