‘ਆਪ’ ਉਮੀਦਵਾਰ ਇਸ਼ਾਂਕ ਵੱਲੋਂ ਈਸਪੁਰ ਵਿੱਚ ਚੋਣ ਮੀਟਿੰਗ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 8 ਨਵੰਬਰ
ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ ਨੇ ਪਿੰਡ ਈਸਪੁਰ ਵਿਖੇ ਚੋਣ ਮੀਟਿੰਗ ਕੀਤੀ। ਮੀਟਿੰਗ ਦੌਰਾਨ ਬੋਲਦਿਆਂ ਡਾ. ਇਸ਼ਾਂਕ ਨੇ ਕਿਹਾ ਕਿ ਹਲਕੇ ਅੰਦਰ ਸਮਰਥਕਾਂ ਵਲੋਂ ਉਨ੍ਹਾਂ ਨੂੰ ਜੋ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ, ਉਸ ’ਤੇ ਖਰਾ ਉਤਰਦੇ ਹੋਏ ਉਹ ਲੋਕਾਂ ਨੂੰ ਬਿਹਤਰ ਜ਼ਿੰਦਗੀ ਮੁਹੱਈਆ ਕਰਵਾਉਣ ਦਾ ਪੂਰਾ ਯਤਨ ਕਰਨਗੇ। ਉਨ੍ਹਾਂ ਹਲਕੇ ਦੀਆਂ ਔਰਤਾਂ ਨੂੰ ਭਰੋਸਾ ਦਿੱਤਾ ਕਿ ਉਹ ਮਹਿਲਾ ਸ਼ਕਤੀਕਰਨ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦੇਣ ਦਾ ਆਪਣਾ ਵਾਅਦਾ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਵੈ-ਨਿਰਭਰ ਬਣਾਉਣਾ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ। ਇਸ ਤੋਂ ਇਲਾਵਾ ਪਿੰਡਾਂ ਵਿਚ ਨਰੇਗਾ ਤਹਿਤ ਵੱਧ ਤੋਂ ਵੱਧ ਔਰਤਾਂ ਨੂੰ ਕੰਮ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਬਿਹਤਰ ਜੀਵਨ ਜੀਊਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਡਾ. ਇਸ਼ਾਂਕ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਹਲਕੇ ਦੇ ਪਿੰਡਾਂ ਦੀਆਂ ਬੱਚੀਆਂ ਉੱਚ ਸਿੱਖਿਆ ਪ੍ਰਾਪਤ ਕਰਨ, ਜਿਸ ਦੇ ਲਈ ਮੁਖਲਿਆਣਾ ਵਿਖੇ ਸਰਕਾਰੀ ਕਾਲਜ ਵੀ ਹੈ ਅਤੇ ਜਲਦੀ ਹੀ ਪੋਲੀਟੈਕਨਿਕ ਕਾਲਜ ਵੀ ਖੋਲ੍ਹਿਆ ਜਾਵੇਗਾ।