‘ਆਪ’ ਉਮੀਦਵਾਰ ਦੀਪਿਕਾ ਧੀਰ ਨੇ ਨਾਮਜ਼ਦਗੀ ਭਰੀ
ਧੂਰੀ, 11 ਦਸੰਬਰ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਹਾਜ਼ਰੀ ’ਚ ਅੱਜ ਅਸ਼ਵਨੀ ਧੀਰ ਦੀ ਪੁੱਤਰੀ ਦੀਪਿਕਾ ਧੀਰ (26) ਨੇ ਕੌਂਸਲਰ ਦੀ ਚੋਣ ਲਈ ਵਾਰਡ ਨੰਬਰ 5 ਤੋਂ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਵਿਕਾਸ ਹੀਰਾ ਕੋਲ ਦਾਖਲ ਕੀਤੇ। ਵਰਨਣਯੋਗ ਹੈ ਕਿ ਬੀਤੀ ਸ਼ਾਮ ਹੀ ਦਹਾਕਿਆਂ ਤੋਂ ਕਾਂਗਰਸ ਨਾਲ ਚੱਲੇ ਆ ਰਹੇ ਅਸ਼ਵਨੀ ਧੀਰ ਮੁੱਖ ਮੰਤਰੀ ਦੇ ਓਐੱਸਡੀ ਰਾਜਵੀਰ ਸਿੰਘ ਘੁੰਮਣ ਦੀ ਮੌਜੂਦਗੀ ’ਚ ‘ਆਪ’ ਵਿੱਚ ਸ਼ਾਮਲ ਹੋ ਗਏ ਸੀ।
ਅੱਜ ਦੀਪਿਕਾ ਧੀਰ ਦੇ ਨਾਮਜ਼ਦਗੀ ਪੱਤਰ ਭਰਨ ਮੌਕੇ ਉਚੇਚੇ ਤੌਰ ’ਤੇ ਹਲਕੇ ’ਚ ਪਾਰਟੀ ਦੀ ਸੀਨੀਅਰ ਟੀਮ ਵਿੱਚ ਦਲਵੀਰ ਸਿੰਘ ਢਿੱਲੋਂ, ਰਾਜਵੰਤ ਸਿੰਘ ਘੁੱਲੀ (ਦੋਵੇਂ ਇੰਚਾਰਜ ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ), ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਮੈਂਬਰ ਵਕਫ਼ ਬੋਰਡ ਪੰਜਾਬ ਡਾਕਟਰ ਅਨਵਰ ਭਸੌੜ, ‘ਆਪ’ ਆਗੂ ਤੇ ਵਾਰਡ ਨੰਬਰ 5 ਤੋਂ ਆਪਣੇ ਪਰਿਵਾਰਕ ਮੈਂਬਰਾਂ ਲਈ ਟਿਕਟ ਦੇ ਦਾਅਵੇਦਾਰ ਨਰੇਸ਼ ਕੁਮਾਰ, ਹਰਪ੍ਰੀਤ ਸਿੰਘ ਅਤੇ ਅਨਿਲ ਬਾਂਸਲ ਆਦਿ ਹਾਜ਼ਰ ਸਨ। ਇਸ ਮੌਕੇ ਦੀਪਿਕਾ ਧੀਰ ਨੇ ‘ਆਪ’ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਮਾਤਾ ਪਿਤਾ ਨੂੰ ਲੋਕ ਸੇਵਾ ਕਰਦਿਆਂ ਦੇਖਕੇ ਉਸ ਦੇ ਮਨ ’ਚ ਕੌਂਸਲਰ ਬਣ ਕੇ ਵਾਰਡ ਦੇ ਅਧੂਰੇ ਕੰਮ ਪੂਰੇ ਕਰਨ ਦੀ ਇੱਛਾ ਜਾਗੀ ਹੈ।
ਰਿਟਰਨਿੰਗ ਅਫ਼ਸਰ ਧੂਰੀ ਵਿਕਾਸ ਹੀਰਾ ਨੇ ਸੰਪਰਕ ਕਰਨ ’ਤੇ ਦੀਪਿਕਾ ਧੀਰ ਦੀ ਇੱਕੋ ਹੀ ਨਾਮਜ਼ਦਗੀ ਦਾਖ਼ਲ ਹੋਣ ਦੀ ਗੱਲ ਆਖੀ ਹੈ।