‘ਆਪ’ ਦੇ ਉਮੀਦਵਾਰ ਭਗਤ ਦੇ ਚੋਣ ਦਫਤਰ ਦਾ ਮੰਤਰੀਆਂ ਵੱਲੋਂ ਉਦਘਾਟਨ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 26 ਜੂਨ
ਪੰਜਾਬ ਦੀ ਬਹੁਚਰਚਿਤ ਸੀਟ ਬਣ ਚੁੱਕੀ ਜਲੰਧਰ ਪੱਛਮੀ ਲਈ 10 ਜੁਲਾਈ ਨੂੰ ਵੋਟਾਂ ਪੈਣੀਆਂ ਹਨ। ਆਮ ਆਦਮੀ ਪਾਰਟੀ ਵੱਲੋਂ ਇੱਥੇ ਸ਼ਹਿਰ ਦੀ 120 ਫੁੱਟੀ ਰੋਡ ’ਤੇ ਇੱਕ ਪੈਲੇਸ ਵਿੱਚ ਪਾਰਟੀ ਉਮੀਦਵਾਰ ਮਹਿੰਦਰ ਭਗਤ ਲਈ ਚੋਣ ਦਫਤਰ ਖੋਲ੍ਹਿਆ ਗਿਆ। ਇਸ ਦਫ਼ਤਰ ਦਾ ਉਦਘਾਟਨ ਅੱਜ ਮੰਤਰੀਆਂ ਵੱਲੋਂ ਕੀਤਾ ਗਿਆ।
ਇਸ ਮੌਕੇ ਇੱਥੇ ਪੰਜਾਬ ਸਰਕਾਰ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਹੁੰਚੇ ਹੋਏ ਸਨ। ਇਸ ਦੌਰਾਨ ਮੰਤਰੀਆਂ ਨੇ ਮਹਿੰਦਰ ਭਗਤ ਨੂੰ ਸਭ ਤੋਂ ਬਿਹਤਰੀਨ ਉਮੀਦਵਾਰ ਦੱਸਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੇ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੇ ਨਾਮ ਲੈ-ਲੈ ਕੇ ਨਾਅਰੇ ਲਗਾਏ ਤੇ ਮਹਿੰਦਰ ਭਗਤ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਕੁਲਦੀਪ ਸਿੰਘ ਧਾਲੀਵਾਲ, ਗੁਰਨਾਮ ਸਿੰਘ ਭੁੱਲਰ, ਬ੍ਰਮ ਸ਼ੰਕਰ ਜਿੰਪਾ ਸਣੇ ਵਿਧਾਇਕ ਅਮਨ ਅਰੋੜਾ, ਸੀਨੀਅਰ ਆਗੂ ਬਲਤੇਜ ਪੰਨੂ, ਹਰਚਰਨ ਸਿੰਘ ਬਰਸਟ, ਪਵਨ ਕੁਮਾਰ ਟੀਨੂੰ ਤੇ ਹੋਰ ਬਹੁਤ ਸਾਰੇ ਹਲਕਾ ਇੰਚਾਰਜ ਹਾਜ਼ਰ ਸਨ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਜਲੰਧਰ ਤੋਂ ਉਮੀਦਵਾਰ ਮਹਿੰਦਰ ਭਗਤ ਨੇ ਦੱਸਿਆ ਕਿ ਉਹ ਹਮੇਸ਼ਾ ਲੋਕ ਸੇਵਾ ਲਈ ਤੱਤਪਰ ਰਹਿੰਦੇ ਹਨ। ਉਹ ਹਲਕਾ ਜਲੰਧਰ ਪੱਛਮੀ ਦੀਆਂ ਸਮੱਸਿਆਵਾਂ ਨੂੰ ਭਲੀ ਭਾਂਤੀ ਜਾਣਦੇ ਹਨ।
ਉਨ੍ਹਾਂ ਕਿਹਾ ਕਿ ਉਹ ਇਸ ਹਲਕੇ ਦੇ ਇਕੱਲੇ-ਇਕੱਲੇ ਘਰ ਤੋਂ ਵਾਕਫ ਹਨ ਤੇ ਚੋਣ ਜਿੱਤਣ ਮਗਰੋਂ ਜਲੰਧਰ ਪੱਛਮੀ ਹਲਕੇ ਨੂੰ ਵਿਕਾਸ ਪੱਖੋਂ ਚੋਟੀ ’ਤੇ ਲੈ ਜਾਣਗੇ।