‘ਆਪ’ ਨੇ ਸੂਬਾ ਵਾਸੀਆਂ ਲਈ ਲੋਕ ਪੱਖੀ ਨੀਤੀਆਂ ਲਿਆਂਦੀਆਂ: ਕੇਜਰੀਵਾਲ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 9 ਨਵੰਬਰ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੱਬੇਵਾਲ ਵਿੱਚ ‘ਆਪ’ ਉਮੀਦਵਾਰ ਡਾ. ਇਸ਼ਾਂਕ ਕੁਮਾਰ ਚੱਬੇਵਾਲ ਲਈ ਚੋਣ ਪ੍ਰਚਾਰ ਕੀਤਾ। ਕੇਜਰੀਵਾਲ ਨੇ ਲੋਕਾਂ ਨੂੰ ਡਾ. ਇਸ਼ਾਂਕ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਢਾਈ ਸਾਲ ਪਹਿਲਾਂ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਬਹੁਮਤ ਦੇ ਕੇ ਜਿਤਾਇਆ ਸੀ ਤੇ ਹੁਣ ਵੀ ਇਤਿਹਾਸ ਕਾਇਮ ਕਰਨ। ਉਨ੍ਹਾਂ ਕਿਹਾ ਕਿ ਢਾਈ ਸਾਲ ਪਹਿਲਾਂ ਪੰਜਾਬ ਦੇ ਲੋਕ ਸਭ ਤੋਂ ਵੱਧ ਬਿਜਲੀ ਦੇ ਬਿੱਲਾਂ ਤੋਂ ਪ੍ਰੇਸ਼ਾਨ ਸਨ। ਉਨ੍ਹਾਂ ਆਪਣਾ ਜ਼ੀਰੋ ਬਿੱਲ ਦਾ ਵਾਅਦਾ ਪੂਰਾ ਕੀਤਾ ਅਤੇ ਹੁਣ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਮੁਫ਼ਤ ਇਲਾਜ ਦਾ ਵਾਅਦਾ ਵੀ ਕੀਤਾ ਸੀ ਜਿਸ ਤਹਿਤ ਅੱਜ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਆਮ ਆਦਮੀ ਕਲੀਨਿਕ ਖੁੱਲ੍ਹ ਰਹੇ ਹਨ, ਜਿੱਥੇ ਦਵਾਈਆਂ ਅਤੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਤੇ ਹੋਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ‘ਆਪ’ ਸਰਕਾਰ ਨੇ ਕਈ ਟੌਲ ਪਲਾਜ਼ੇ ਵੀ ਬੰਦ ਕੀਤੇ। ਕੇਜਰੀਵਾਲ ਨੇ ਕਿਹਾ ਕਿ ਜਦੋਂ ਇਸ ਹਲਕੇ ਦਾ ਲੋਕ ਸਭਾ ਮੈਂਬਰ, ਵਿਧਾਇਕ ਅਤੇ ਸੂਬਾ ਸਰਕਾਰ ਤਿੰਨੋਂ ਹੀ ਆਮ ਆਦਮੀ ਪਾਰਟੀ ਦੇ ਹੋਣਗੇ ਤਾਂ ਇਲਾਕੇ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ। ਕੇਜਰੀਵਾਲ ਨੇ ਵਾਅਦਾ ਕੀਤਾ ਕਿ ਇਲਾਕੇ ਵਿੱਚ ਇੱਕ ਆਈਟੀਆਈ-ਪੋਲੀਟੈਕਨਿਕ ਕਾਲਜ ਬਣਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਪੰਜ ਸਾਲ ਇਹੀ ਕਹਿੰਦੇ ਰਹੇ ਕਿ ਖਜ਼ਾਨਾ ਖਾਲੀ ਹੈ। ਉਨ੍ਹਾਂ ਸਵਾਲ ਕੀਤਾ ਕਿ ਇਨ੍ਹਾਂ ਨੇ ਨਾ ਤਾਂ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ, ਨਾ ਸੜਕਾਂ ਬਣਾਈਆਂ, ਨਾ ਹੀ ਚੰਗੇ ਹਸਪਤਾਲ, ਨਾ ਸਕੂਲ-ਕਾਲਜ ਬਣਾਏ, ਫਿਰ ਖ਼ਜ਼ਾਨਾ ਖਾਲੀ ਕਿਵੇਂ ਹੋ ਗਿਆ। ਅਸਲ ਵਿੱਚ ਉਨ੍ਹਾਂ ਦੇ ਇਰਾਦੇ ਖਾਲੀ ਸਨ। ਕਾਂਗਰਸ ’ਤੇ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੈਸੇ ਦੀ ਕਮੀ ਕਾਰਨ ਆਮ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਪਰ ਵਿਜੀਲੈਂਸ ਦੀ ਜਾਂਚ ਦੌਰਾਨ ਹੁਸ਼ਿਆਰਪੁਰ ਦੇ ਇੱਕ ਕਾਂਗਰਸੀ ਮੰਤਰੀ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਮਿਲੀ। ਉਹ ਰਾਜਨੀਤੀ ਵਿੱਚ ਪੈਸੇ ਕਮਾਉਣ ਲਈ ਹੀ ਆਉਂਦੇ ਹਨ।
ਸੰਸਦ ਮੈਂਬਰ ਰੰਧਾਵਾ ’ਤੇ ਪਰਿਵਾਰਵਾਦ ਨੂੰ ਤਰਜੀਹ ਦੇਣ ਦੇ ਦੋਸ਼
ਡੇਰਾ ਬਾਬਾ ਨਾਨਕ (ਦਲਬੀਰ ਸੱਖੋਵਾਲੀਆ/ਡਾ. ਰਾਜਿੰਦਰ ਸਿੰਘ):
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਕਾ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਅਗਵਾਨ ਵਿੱਚ ਪਾਰਟੀ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਗੁਰਦੀਪ ਰੰਧਾਵਾ ਨੂੰ ਜਿਤਾਉਣ ਦੀ ਅਪੀਲ ਕੀਤੀ। ਸ੍ਰੀ ਕੇਜਰੀਵਾਲ ਨੇ ਡੇਰਾ ਬਾਬਾ ਨਾਨਕ ਹਲਕੇ ਵਿੱਚ ਬਾਇਓ ਗੈਸ ਪਲਾਂਟ, ਸ਼ੂਗਰ ਮਿੱਲ ਅਤੇ ਟੂਰਿਜ਼ਮ ਨੂੰ ਪ੍ਰਫੁੱਲਿਤ ਕਰਨ ਸਣੇ ਕਈ ਵਾਅਦੇ ਕੀਤੇ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਰੰਧਾਵਾ ਨੂੰ ਆਪਣੇ ਪਰਿਵਾਰ ਤੋਂ ਇਲਾਵਾ ਹਲਕੇ ਵਿੱਚੋਂ ਕੋਈ ਆਗੂ ਦਿਖਾਈ ਨਹੀਂ ਦੇ ਰਿਹਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਆਪ’ ਉਮੀਦਵਾਰ ਦੇ ਮੁੱਖ ਵਿਰੋਧੀ ਸੰਸਦ ਮੈਂਬਰ ਰੰਧਾਵਾ ਉਤੇ ਆਪਣੇ ਅੰਦਾਜ਼ ਵਿਚ ਵਿਅੰਗ ਕੱਸੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕਰਵਾਏ ਕੰਮਾਂ ਨੂੰ ਗਿਣਾਇਆ।
ਗੈਂਗਸਟਰ ਤੇ ਨਸ਼ੇ ਸੁੱਖੀ ਰੰਧਾਵਾ ਦੀ ਦੇਣ: ਧਾਲੀਵਾਲ
ਡੇਰਾ ਬਾਬਾ ਨਾਨਕ (ਨਿੱਜੀ ਪੱਤਰ ਪ੍ਰੇਰਕ):
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੀ 20 ਨਵੰਬਰ ਦੀ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਗੈਂਗਸਟਰਾਂ ਵੱਲੋਂ ਕਾਂਗਰਸ ਪਾਰਟੀ ਦੇ ਬੂਥ ਨਾ ਲਾਉਣ ਦੀਆਂ ਧਮਕੀਆਂ ਦੇਣ ਦੇ ਲਾਏ ਦੋਸ਼ਾਂ ਦਾ ਜਵਾਬ ਦਿੱਤਾ। ਉਨ੍ਹਾਂ ਸੁਖਜਿੰਦਰ ਰੰਧਾਵਾ ਉੱਤੇ ਇਲਜ਼ਾਮ ਲਾਉਂਦਿਆਂ ਪੁੱਛਿਆ ਕਿ ਇਸ ਹਲਕੇ ਵਿੱਚ ਗੈਂਗਸਟਰ ਤੇ ਨਸ਼ੇ ਕੌਣ ਲੈ ਕੇ ਆਇਆ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਸ੍ਰੀ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਇਹ ਸਭ ਸੁੱਖੀ ਰੰਧਾਵਾ (ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ) ਦੀ ਦੇਣ ਹੈ। ‘ਆਪ’ ਦੇ ਚੋਣ ਇੰਚਾਰਜ ਧਾਲੀਵਾਲ ਨੇ ਆਖਿਆ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਲੋਕ ਸਭ ਜਾਣਦੇ ਹਨ ਕਿ ਇੱਥੇ ਗੈਂਗਸਟਰ ਤੇ ਨਸ਼ਿਆਂ ਨੂੰ ਪ੍ਰਫੁੱਲਿਤ ਕਰਨ ਵਾਲਾ ਕੌਣ ਹੈ। ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਆਖਿਆ ਕਿ ਸੁਖਜਿੰਦਰ ਰੰਧਾਵਾ ਦੇ ਦੋਸ਼ ਬੇਬੁਨਿਆਦ ਹਨ।