ਕਾਂਗਰਸ ਦੀ ਹਾਰ ਲਈ ‘ਆਪ’ ਵੱਲੋਂ ‘ਸਹਿਯੋਗ ਦੀ ਘਾਟ’ ਨੂੰ ਜ਼ਿੰਮੇਵਾਰ ਠਹਿਰਾਇਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ
ਕਾਂਗਰਸ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਨੇ ਹਾਲ ਹੀ ਵਿੱਚ ਹੋਈਆਂ ਆਮ ਚੋਣਾਂ ਵਿੱਚ ਦਿੱਲੀ ਵਿੱਚ ਪਾਰਟੀ ਦੀ ਹਾਰ ਲਈ ‘ਆਪ’ ਵੱਲੋਂ ‘ਸਹਿਯੋਗ ਦੀ ਘਾਟ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ‘ਆਪ’ ਨਾਲ ਗਠਜੋੜ ਤਹਿਤ ਸੱਤ ਸੀਟਾਂ ਵਿੱਚੋਂ ਤਿੰਨ ’ਤੇ ਚੋਣ ਲੜਦਿਆਂ ਕਾਂਗਰਸ ਦੇ ਉਮੀਦਵਾਰਾਂ ਨੂੰ ਭਾਜਪਾ ਦੇ ਉਮੀਦਵਾਰਾਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸ ਦੇ ਸੂਤਰਾਂ ਨੇ ਕਿਹਾ ਕਿ ਰਾਜਧਾਨੀ ਵਿਚ ਆਪਣੀ ਹਾਰ ਦੇ ਕਾਰਨਾਂ ਦਾ ਮੁਲਾਂਕਣ ਕਰਨ ਲਈ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੁਆਰਾ ਭੇਜੀ ਗਈ ਦੋ ਮੈਂਬਰੀ ਤੱਥ ਖੋਜ ਕਮੇਟੀ ਨੇ ਪਿਛਲੇ ਕੁਝ ਦਿਨਾਂ ਵਿਚ ਸਾਰੇ ਉਮੀਦਵਾਰਾਂ ਅਤੇ ਸੀਨੀਅਰ ਵਰਕਰਾਂ ਨਾਲ ਮੁਲਾਕਾਤ ਕੀਤੀ। ਪਾਰਟੀ ਦੇ ਸੀਨੀਅਰ ਆਗੂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦਾਅਵਾ ਕੀਤਾ ਕਿ ਸਾਰੇ ਉਮੀਦਵਾਰ ਅਤੇ ਦਿੱਲੀ ਦੇ ਅਹੁਦੇਦਾਰਾਂ ਨੇ ਉਨ੍ਹਾਂ ਦੇ ਮੁਲਾਂਕਣ ਨਾਲ ਸਹਿਮਤੀ ਪ੍ਰਗਟਾਈ ਕਿ ਜ਼ਮੀਨੀ ਤੌਰ ‘ਤੇ ‘ਆਪ’ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦੀ ਮਦਦ ਨਹੀਂ ਕੀਤੀ ਗਈ। ਆਗੂ ਨੇ ਕਿਹਾ ਕਿ ਤੱਥ ਖੋਜ ਕਮੇਟੀ ਛੇਤੀ ਹੀ ਇਸ ਦੀ ਰਿਪੋਰਟ ਕੇਂਦਰੀ ਲੀਡਰਸ਼ਿਪ ਨੂੰ ਵਿਚਾਰਨ ਲਈ ਸੌਂਪੇਗੀ। ਲਗਾਤਾਰ ਦੋ ਵਿਧਾਨ ਸਭਾ ਚੋਣਾਂ ਜਿੱਤਣ ਅਤੇ ਪਿਛਲੀਆਂ ਐਮਸੀਡੀ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਕਾਰਨ ‘ਆਪ’ ਨੂੰ ਚਾਰ ਸੀਟਾਂ ਮਿਲੀਆਂ ਜਦੋਂ ਕਿ ਕਾਂਗਰਸ ਤਿੰਨ ’ਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਲਈ ਸਹਿਮਤ ਹੋਈ। ਭਾਜਪਾ ਨੂੰ 54.3 ਫ਼ੀਸਤ, ‘ਆਪ’ ਨੂੰ 24.1 ਫ਼ੀਸਦ ਅਤੇ ਕਾਂਗਰਸ ਨੂੰ 19.1 ਫ਼ੀਸਦ ਵੋਟਾਂ ਮਿਲੀਆਂ। ਜਦੋਂ ਕਿ ‘ਆਪ’ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਤਿੰਨਾਂ ਹਲਕਿਆਂ ‘ਚ ਰੋਡ ਸ਼ੋਅ ਕੀਤੇ, ਜਿੱਥੇ ਕਾਂਗਰਸ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ, ਪਰ ਕੋਈ ਅਸਰ ਨਾ ਹੋਇਆ।