‘ਆਪ’ ਨੇ ਰਾਜ ਸਭਾ ਲਈ ਸਵਾਤੀ ਮਾਲੀਵਾਲ ਨੂੰ ਉਮੀਦਵਾਰ ਐਲਾਨਿਆ
ਨਵੀਂ ਦਿੱਲੀ, 5 ਜਨਵਰੀ
‘ਆਪ’ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਅੱਜ ਰਾਜ ਸਭਾ ਲਈ ਆਪਣਾ ਉਮੀਦਵਾਰ ਬਣਾਇਆ ਹੈ ਅਤੇ ਸੰਜੈ ਸਿੰਘ ਤੇ ਐੱਨਡੀ ਗੁਪਤਾ ਨੂੰ ਉੱਪਰਲੇ ਸਦਨ ਦੇ ਦੂਜੇ ਕਾਰਜਕਾਲ ਲਈ ਮੁੜ ਨਾਮਜ਼ਦ ਕੀਤਾ ਹੈ। ‘ਆਪ’ ਵੱਲੋਂ ਉਮੀਦਵਾਰ ਬਣਾਏ ਜਾਣ ਮਗਰੋਂ ਸਵਾਤੀ ਮਾਲੀਵਾਲ ਨੇ ਡੀਸੀਡਬਲਯੂ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੇ ਰਾਜਨੀਤਕ ਮਾਮਲਿਆਂ ਬਾਰੇ ਕਮੇਟੀ ਦੀ ਪ੍ਰਧਾਨਗੀ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤੀ। ਪਾਰਟੀ ਨੇ ਕਿਹਾ, ‘ਸਵਾਤੀ ਮਾਲੀਵਾਲ ਨੂੰ ਪਹਿਲੀ ਵਾਰ ਨਾਮਜ਼ਦ ਕੀਤਾ ਗਿਆ ਹੈ। ਸੰਜੈ ਸਿੰਘ ਤੇ ਐੱਨਡੀ ਗੁਪਤਾ ਨੂੰ ਰਾਜ ਸਭਾ ਮੈਂਬਰ ਵਜੋਂ ਉਨ੍ਹਾਂ ਦੇ ਦੂਜੇ ਕਾਰਜਕਾਲ ਲਈ ਮੁੜ ਨਾਮਜ਼ਦ ਕਰਨ ਦਾ ਫ਼ੈਸਲਾ ਕੀਤਾ ਹੈ।’ ਉਨ੍ਹਾਂ ਕਿਹਾ ਸੁਸ਼ੀਲ ਗੁਪਤਾ ਨੇ ਹਰਿਆਣਾ ’ਤੇ ਧਿਆਨ ਕੇਂਦਰਿਤ ਕਰਨ ਦੀ ਇੱਛਾ ਜਤਾਈ ਹੈ। -ਪੀਟੀਆਈ
ਸੰਜੈ ਸਿੰਘ ਨੂੰ ਦਸਤਖ਼ਤ ਦੀ ਇਜਾਜ਼ਤ ਮਿਲੀ
ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਕਥਿਤ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫ਼ਤਾਰ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਨੂੰ ਰਾਜ ਸਭਾ ਲਈ ਮੁੜ ਨਾਮਜ਼ਦਗੀ ਫਾਰਮ ਤੇ ਦਸਤਾਵੇਜ਼ਾਂ ’ਤੇ ਦਸਤਖਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਐੱਮਕੇ ਨਾਗਪਾਲ ਨੇ ਸੰਜੈ ਸਿੰਘ ਵੱਲੋਂ ਦਾਇਰ ਇੱਕ ਅਰਜ਼ੀ ’ਤੇ ਹੁਕਮ ਪਾਸ ਕੀਤਾ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਰਾਜ ਸਭਾ ਦੇ ਮੈਂਬਰ ਵਜੋਂ ਉਨ੍ਹਾਂ ਦਾ ਮੌਜੂਦਾ ਕਾਰਜਕਾਲ 27 ਜਨਵਰੀ ਨੂੰ ਖਤਮ ਹੋ ਰਿਹਾ ਹੈ ਅਤੇ ਚੋਣ ਅਧਿਕਾਰੀ ਨੇ ਚੋਣ ਕਰਾਉਣ ਲਈ ਦੋ ਜਨਵਰੀ ਨੂੰ ਨੋਟਿਸ ਜਾਰੀ ਕੀਤਾ ਹੈ। ਅਰਜ਼ੀ ’ਚ ਸੰਜੈ ਸਿੰਘ ਨੇ ਕਿਹਾ ਕਿ ਇਸ ਲਈ ਨਾਮਜ਼ਦਗੀ ਪੱਤਰ 9 ਜਨਵਰੀ ਤੱਕ ਜਮ੍ਹਾਂ ਕਰਾਉਣੇ ਹਨ। -ਪੀਟੀਆਈ