‘ਆਪ’ ਤੇ ਕਾਂਗਰਸ ਵੱਲੋਂ ਗਾਰਬੇਜ ਪ੍ਰੋਸੈਸਿੰਗ ਪਲਾਂਟ ਖ਼ਿਲਾਫ਼ ਰੋਸ ਮੁਜ਼ਾਹਰੇ
ਮੁਕੇਸ਼ ਕੁਮਾਰ
ਚੰਡੀਗੜ੍ਹ, 11 ਜੂਨ
ਡੱਡੂ ਮਾਜਰਾ ਡੰਪਿੰਗ ਗਰਾਊਂਡ ਵਿੱਚ ਬਣਾਏ ਜਾਣ ਵਾਲੇ ਪੰਜ ਏਕੜ ਦੇ ਆਰਜ਼ੀ ਗਾਰਬੇਜ ਪ੍ਰੋਸੈਸਿੰਗ ਪਲਾਂਟ ਦੇ ਸ਼ੈੱਡ ਖ਼ਿਲਾਫ਼ ਇੱਥੇ ਅੱਜ ਆਮ ਆਦਮੀ ਪਾਰਟੀ ਚੰਡੀਗੜ੍ਹ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਪ੍ਰਦੀਪ ਛਾਬੜਾ ਅਤੇ ਇਲਾਕਾ ਕੌਂਸਲਰ ਕੁਲਦੀਪ ਟੀਟਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਸੈਂਕੜੇ ‘ਆਪ’ ਸਮਰਥਕਾਂ ਅਤੇ ਸਥਾਨਕ ਲੋਕਾਂ ਨੇ ਭਾਗ ਲਿਆ।
ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਦੀਪ ਛਾਬੜਾ ਨੇ ਕਿਹਾ ਕਿ ਨਗਰ ਨਿਗਮ ਦੇ ਕਈ ਮੇਅਰ ਆਏ ਤੇ ਚਲੇ ਗਏ, ਪਰ ਕਿਸੇ ਨੇ ਵੀ ਡੰਪਿੰਗ ਗਰਾਊਂਡ ਵਿੱਚ ਫੈਲੇ ਕੂੜੇ ਮਸਲੇ ਨੂੰ ਇਮਾਨਦਾਰੀ ਨਾਲ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਨ ਅੱਜ ਸਥਿਤੀ ਐਨੀ ਮਾੜੀ ਹੋ ਗਈ ਹੈ ਕਿ ਡੱਡੂਮਾਜਰਾ ਵਾਸੀਆਂ ਦਾ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਇੱਥੇ ਡੰਪਿੰਗ ਗਰਾਊਂਡ ਦੇ ਕੂੜੇ ਕਾਰਨ ਬਦਬੂ ਫੈਲੀ ਹੋਈ ਹੈ ਅਤੇ ਹੁਣ ਨਵੀਂ ਤਕਨੀਕ ਦੇ ਨਾਂ ‘ਤੇ ਇੱਥੇ ਕੂੜੇ ਦੀ ਪ੍ਰੋਸੈਸਿੰਗ ਲਈ ਇੱਕ ਹੋਰ ਆਰਜ਼ੀ ਸ਼ੈੱਡ ਲਗਾਇਆ ਜਾ ਰਿਹਾ ਹੈ। ਇਸ ਮੌਕੇ ਇਲਾਕਾ ਕੌਂਸਲਰ ਕੁਲਦੀਪ ਟੀਟਾ ਨੇ ਕਿਹਾ ਕਿ ਇਸ ਨਵੇਂ ਪ੍ਰੋਸੈਸਿੰਗ ਪਲਾਂਟ ਦਾ ਡੱਡੂਮਾਜਰਾ ਦੇ ਲੋਕ ਵਿਰੋਧ ਕਰ ਰਹੇ ਹਨ, ਪਰ ਅਫਸਰਸ਼ਾਹੀ ਆਪਣਾ ਕੰਮ ਕਰਨ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਰਾਜ ਵਿੱਚ ਇੱਥੇ ਡੱਡੂਮਾਜਰਾ ‘ਚ ਇਹ ਪਲਾਂਟ ਲਗਾਉਂਦਿਆਂ ਕਿਹਾ ਸੀ ਕਿ ਸ਼ਹਿਰ ਦਾ ਕੂੜਾ ਇੱਥੇ ਹੀ ਪ੍ਰੋਸੈਸ ਕਰਨ ਕਰਨ ਤੋਂ ਬਾਅਦ ਖਤਮ ਕਰ ਦਿੱਤਾ ਜਾਵੇਗਾ ਪਰ ਕੁਝ ਹੀ ਸਮੇਂ ਵਿੱਚ ਇੱਥੇ ਕੂੜੇ ਦਾ ਪਹਾੜ ਬਣ ਗਿਆ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਸਰਕਾਰ ਬਦਲਣ ਤੋਂ ਬਾਅਦ ਭਾਜਪਾ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਂਦੇ ਹੀ ਉਨ੍ਹਾਂ ਨੂੰ ਡੰਪਿੰਗ ਗਰਾਊਂਡ ਤੋਂ ਕੂੜੇ ਦੇ ਪਹਾੜ ਨੂੰ ਖ਼ਤਮ ਕਰ ਕੇ ਸਾਫ਼ ਸੁਥਰੇ ਮਾਹੌਲ ਵਿੱਚ ਸਾਹ ਲੈਣ ਦਾ ਮੌਕਾ ਮਿਲੇਗਾ। ਪ੍ਰਦੀਪ ਛਾਬੜਾ ਨੇ ਇੱਥੇ ਲਗਾਏ ਜਾਣ ਵਾਲੇ ਇਸ ਨਵੇਂ ਪਲਾਂਟ ਦੀ ਤਜਵੀਜ਼ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਦੌਰਾਨ ਕੌਂਸਲਰ ਅੰਜੂ ਕਤਿਆਲ, ਪ੍ਰੇਮ ਲਤਾ, ਜਸਬੀਰ ਸਿੰਘ ਲਾਡੀ, ਯੋਗੇਸ਼ ਢੀਂਗਰਾ, ਰਾਮ ਚੰਦਰ ਯਾਦਵ, ਜਸਵਿੰਦਰ ਕੌਰ ਤੇ ਲਖਬੀਰ ਸਿੰਘ ਸਣੇ ਵੱਡੀ ਗਿਣਤੀ ‘ਆਪ’ ਵਰਕਰ ਹਾਜ਼ਰ ਸਨ।
ਕਾਂਗਰਸ ਨੇ ਭਾਜਪਾ ਤੇ ‘ਆਪ’ ਉੱਤੇ ਮਿਲੀਭੁਗਤ ਦਾ ਲਾਇਆ ਦੋਸ਼
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 11 ਜੂਨ
ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਵੱਲੋਂ ਅੱਜ ਡੱਡੂ ਮਾਜਰਾ ਡੰਪਿੰਗ ਗਰਾਊਂਡ ਨੇੜੇ ਭਾਜਪਾ ਅਤੇ ‘ਆਪ’ ਖ਼ਿਲਾਫ਼ ਡੱਡੂਮਾਜਰਾ ਕਲੋਨੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀ ਡੰਪਿੰਗ ਗਰਾਊਂਡ ਨੇੜੇ ਪਾਰਕ ਦੇ ਸਾਹਮਣੇ ਇਕੱਠੇ ਹੋਏ ਅਤੇ ਭਾਜਪਾ ਸ਼ਾਸਿਤ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਕਿਹਾ ਕਿ ਭਾਜਪਾ ਅਤੇ ‘ਆਪ’ ਡੰਪਿੰਗ ਗਰਾਊਂਡ ਦੇ ਮੁੱਦੇ ‘ਤੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਡੰਪਿੰਗ ਗਰਾਊਂਡ ਦੇ ਆਸ-ਪਾਸ ਰਹਿਣ ਵਾਲੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਭਾਜਪਾ ਤੇ ‘ਆਪ’ ‘ਤੇ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਆਪਣੀ ਸਸਤੀ ਰਾਜਨੀਤੀ ਕਾਰਨ ਦੋਵੇਂ ਪਾਰਟੀਆਂ ਡੱਡੂਮਾਜਰਾ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੰਪਿੰਗ ਗਰਾਊਂਡ ਕਾਰਨ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਦੇ ਪੱਧਰ ਦਾ ਪਤਾ ਲਗਾਉਣ ਲਈ ਡੱਡੂਮਾਜਰਾ ਦੇ ਆਲੇ-ਦੁਆਲੇ ਦੇ ਖੇਤਰਾਂ ਦਾ ਕੋਈ ਵਿਗਿਆਨਕ ਅਧਿਐਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਡੱਡੂਮਾਜਰਾ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਮੁੱਦੇ ਨੂੰ ਜਨਤਕ ਮੰਚਾਂ ‘ਤੇ ਉਠਾਉਂਦੀ ਰਹੇਗੀ। ਸੱਤਾਧਾਰੀ ਭਾਜਪਾ ਤੇ ਆਮ ਆਦਮੀ ਪਾਰਟੀ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਪੂਰੀ ਕਲੋਨੀ ਦਾ ਚੱਕਰ ਲਗਾ ਕੇ ਡੰਪਿੰਗ ਗਰਾਊਂਡ ਦੇ ਸਾਹਮਣੇ ਪਹੁੰਚ ਕੇ ਆਪਣਾ ਰੋਸ ਪ੍ਰਦਰਸ਼ਨ ਸਮਾਪਤ ਕੀਤਾ।
ਧਰਨੇ ਵਿੱਚ ਸਾਬਕਾ ਮੇਅਰ ਕਮਲੇਸ਼ ਤੇ ਹਰਫੂਲ ਚੰਦ ਕਲਿਆਣ, ਕੌਂਸਲਰ ਗੁਰਬਖਸ਼ ਰਾਵਤ, ਤਰੁਣਾ ਮਹਿਤਾ, ਨਿਰਮਲਾ ਦੇਵੀ, ਜਸਬੀਰ ਬੰਟੀ, ਸਚਿਨ ਗਾਲਵ, ਪ੍ਰਵੀਨ ਨਾਰੰਗ, ਪ੍ਰਿੰਸ, ਧਰਮਵੀਰ, ਨੰਦਿਤਾ ਹੁੱਡਾ, ਸਾਦਿਕ ਮੁਹੰਮਦ, ਰਾਜੀਵ ਮੋਦਗਿਲ, ਡਾ. ਯਾਦਵਿੰਦਰ ਮਹਿਤਾ।, ਗੁਰਚਰਨ, ਦਿਲਾਵਰ, ਮਮਤਾ ਰਾਣਾ, ਵਿਸ਼ਾਲ, ਅਸ਼ਵਨੀ ਕਟਾਰੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਲੋਨੀ ਵਾਸੀ ਵੀ ਸ਼ਾਮਲ ਹਨ।