ਆਪ ਤੇ ਕਾਂਗਰਸ ਕੋਲ ਬਹੁਮਤ ਪਰ ਚੰਡੀਗੜ੍ਹ ਵਿੱਚ ਮੇਅਰ ਭਾਜਪਾ ਦਾ
* ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਵੀ ਭਾਜਪਾ ਦੀ ਝੋਲੀ
* ਮਾਮਲਾ ਹਾਈ ਕੋਰਟ ਪੁੱਜਾ, ਸੁਣਵਾਈ ਅੱਜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਜਨਵਰੀ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੌਰਾਨ ਆਪ-ਕਾਂਗਰਸ ਗੱਠਜੋੜ ਕੋਲ ਲੋੜੀਂਦੇ ਬਹੁਮਤ ਦੇ ਬਾਵਜੂਦ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੇ ਜਿੱਤ ਦਰਜ ਕੀਤੀ ਹੈ। ਮਨੋਜ ਸੋਨਕਰ ਨੂੰ 16 ਵੋਟ ਤੇ ‘ਆਪ’-ਕਾਂਗਰਸ ਗੱਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਧਲੌਰ ਨੂੰ 12 ਵੋਟ ਮਿਲੇ। ਪ੍ਰੀਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਨੇ ਵੋਟਾਂ ਦੀ ਗਿਣਤੀ ਦੌਰਾਨ ਅੱਠ ਵੋਟਾਂ ਰੱਦ ਕਰ ਦਿੱਤੀਆਂ। ਇਸ ਮਗਰੋਂ 4 ਵੋਟਾਂ ਨਾਲ ਭਾਜਪਾ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ ਗਿਆ। ਚੋਣ ਦੇ ਨਤੀਜੇ ਦਾ ਐਲਾਨ ਹੁੰਦੇ ਹੀ ਆਪ-ਕਾਂਗਰਸ ਗੱਠਜੋੜ ਦੇ ਕੌਂਸਲਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਹ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦਾ ਬਾਈਕਾਟ ਕਰਦੇ ਹੋਏ ਸਦਨ ਵਿਚੋਂ ਵਾਕਆਊਟ ਕਰ ਗਏ ਤੇ ਭਾਜਪਾ ਕੌਂਸਲਰ ਹੀ ਵੋਟਿੰਗ ਵਿਚ ਸ਼ਾਮਲ ਹੋਏ। ਭਾਜਪਾ ਦੇ ਕੁਲਜੀਤ ਸਿੰਘ ਸੀਨੀਅਰ ਡਿਪਟੀ ਮੇਅਰ ਤੇ ਰਾਜਿੰਦਰ ਸ਼ਰਮਾ ਡਿਪਟੀ ਮੇਅਰ ਚੁਣੇ ਗਏ। ਮੇਅਰ ਚੋਣ ਦਾ ਵਿਵਾਦ ਇਕ ਵਾਰ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ ਜਿੱਥੇ ਬੁੱਧਵਾਰ ਨੂੰ ਇਸ ਮਾਮਲੇ ’ਤੇ ਸੁਣਵਾਈ ਹੋਵੇਗੀ।
ਮੇਅਰ ਦੀ ਚੋਣ ਦੇ ਨਤੀਜੇ ਨਾਲ ਨਾ ਸਿਰਫ਼ ਚੰਡੀਗੜ੍ਹ ਵਿਚ ਸਗੋਂ ਦੇਸ਼ ਭਰ ਵਿਚ ਘਮਸਾਣ ਮਚ ਗਿਆ ਹੈ। ‘ਆਪ’-ਕਾਂਗਰਸ ਗੱਠਜੋੜ ਦੇ ਆਗੂਆਂ ਦਾ ਦੋਸ਼ ਹੈ ਕਿ ਭਾਜਪਾ ਦੀ ਜਿੱਤ ਧੱਕੇਸ਼ਾਹੀ ਤੇ ਜਾਅਲਸਾਜ਼ੀ ਨਾਲ ਹੋਈ ਹੈ ਕਿਉਂਕਿ ਪ੍ਰੀਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਨੇ ਨਤੀਜੇ ਜਾਰੀ ਕਰਨ ਮੌਕੇ ਨਿਰਪੱਖਤਾ ਤੇ ਪਾਰਦਰਸ਼ਤਾ ਨਹੀਂ ਦਿਖਾਈ। ‘ਆਪ’ ਤੇ ਕਾਂਗਰਸੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਪ੍ਰੀਜ਼ਾਈਡਿੰਗ ਅਧਿਕਾਰੀ ਨੇ ਵੋਟਾਂ ਦੀ ਗਿਣਤੀ ਕਰਨ ਮੌਕੇ ਪਾਰਟੀ ਦੇ ਚੋੋਣ ਏਜੰਟਾਂ ਨੂੰ ਵੀ ਨਹੀਂ ਸੱਦਿਆ। ਇਕੱਲਿਆਂ ਹੀ ਵੋਟਾਂ ਦੀ ਗਿਣਤੀ ਕਰਕੇ 8 ਵੋਟਾਂ ਅਯੋਗ ਕਰਾਰ ਦੇ ਦਿੱਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਧੱਕੇਸ਼ਾਹੀ ਨਾਲ ਚੋਣ ਜਿੱਤੀ ਤੇ ਜਮਹੂਰੀਅਤ ਦਾ ਕਤਲ ਕੀਤਾ ਹੈ। ਕਾਂਗਰਸ ਤੇ ‘ਆਪ’ ਕੌਂਸਲਰਾਂ ਨੇ ਇਹ ਦੋਸ਼ ਵੀ ਲਾਏ ਕਿ ਪ੍ਰੀਜ਼ਾਈਡਿੰਗ ਅਧਿਕਾਰੀ ਵਾਇਰਲ ਹੋਈ ਵੀਡੀਓ ਵਿੱਚ ਕਈ ਵੋਟਾਂ ’ਤੇ ਪੈੱਨ ਚਲਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਵੀ ਇਸ ਦੇ ਸਬੂਤ ਹਨ। ਇਸ ਨੂੰ ਲੈ ਕੇ ਸਦਨ ਵਿਚ ਕਾਫੀ ਦੇਰ ਤੱਕ ਹੰਗਾਮਾ ਹੋਇਆ।
‘ਆਪ’-ਕਾਂਗਰਸ ਉਮੀਦਵਾਰ ਕੁਲਦੀਪ ਧਲੌਰ ਦੀਆਂ ਅੱਖਾਂ ਛਲਕੀਆਂ
ਭਾਜਪਾ ਦੀ ਜਿੱਤ ਤੋਂ ਬਾਅਦ ਕਾਂਗਰਸ ਤੇ ‘ਆਪ’ ਦੇ ਸਾਂਝੇ ਉਮੀਦਵਾਰ ਕੁਲਦੀਪ ਧਲੌਰ ਰੋ ਪਏ। ਧਲੌਰ ਨੇ ਮਗਰੋਂ ਫੌਰੀ ਹਾਈ ਕੋਰਟ ’ਚ ਅਪੀਲ ਦਾਇਰ ਕਰਦਿਆਂ ਕਿਹਾ ਕਿ ਇਹ ਚੋਣ ਗ਼ਲਤ ਹੈ। ਉਨ੍ਹਾਂ ਦੀਆਂ ਅੱਠ ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ ਹਨ ਤੇ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਧਲੌਰ ਵੱਲੋਂ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਨੇ ਬਾਅਦ ਦੁਪਹਿਰ ਸਵਾ ਦੋ ਵਜੇ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਪਟੀਸ਼ਨ ’ਤੇ ਫੌਰੀ ਸੁਣਵਾਈ ਕੀਤੀ ਜਾਵੇ ਤੇ ਚੋਣ ਰਿਕਾਰਡ ਸੀਲ ਕੀਤਾ ਜਾਵੇ। ਹਾਈ ਕੋਰਟ ਨੇ ਮੰਗਲਵਾਰ ਨੂੰ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਹੁਣ ਇਸ ਮਾਮਲੇ ’ਤੇ ਬੁੱਧਵਾਰ ਨੂੰ ਸੁਣਵਾਈ ਹੋਵੇਗੀ।
ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਮੁੜ ਚੋਣ ਹੋਵੇ: ਇੰਡੀਆ ਗੱਠਜੋੜ
ਚੰਡੀਗੜ੍ਹ (ਟਨਸ): ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ, ਚੰਡੀਗੜ੍ਹ ਤੋਂ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ, ‘ਆਪ’ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ, ਪ੍ਰੇਮ ਗਰਗ ਤੇ ਹਰਮੋਹਿੰਦਰ ਸਿੰਘ ਲੱਕੀ ਨੇ ਮੇਅਰ ਦੀ ਚੋਣ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਚੰਡੀਗੜ੍ਹ ਮੇਅਰ ਦੀ ਚੋਣ ਰੱਦ ਕਰਕੇ ਮੁੜ ਤੋਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਸ੍ਰੀ ਚੱਢਾ ਨੇ ਕਿਹਾ ਕਿ ਇੰਡੀਆ ਗੱਠਜੋੜ ਦੀਆਂ 20 ਵੋਟਾਂ (13 ‘ਆਪ’ ਅਤੇ 7 ਕਾਂਗਰਸੀ ਕੌਂਸਲਰ) ਸਨ। ਭਾਜਪਾ ਕੋਲ 16 (14 ਕੌਂਸਲਰ, 1 ਸੰਸਦ ਮੈਂਬਰ ਤੇ 1 ਅਕਾਲੀ ਕੌਂਸਲਰ) ਸਨ। ਇਸ ਲਈ ਭਾਜਪਾ ਨੇ ਚੋਣ ਜਿੱਤਣ ਲਈ ਜਮਹੂਰੀਅਤ ਵਿਰੁੱਧ ਸਾਜ਼ਿਸ਼ ਰਚੀ।