‘ਆਪ’ ਤੇ ਕਾਂਗਰਸ ਦਾ ਗੱਠਜੋੜ ਪੰਜਾਬ ਵਿਰੋਧੀ: ਝਿੰਜਰਾ
ਗੁਰਿੰਦਰ ਸਿੰਘ
ਲੁਧਿਆਣਾ, 22 ਜੁਲਾਈ
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰਾ ਨੇ ਆਮ ਆਦਮੀ ਪਾਰਟੀ ਦੇ ਕਾਂਗਰਸ ਪਾਰਟੀ ਨਾਲ ਹੋਏ ਗਠਜੋੜ ਨੂੰ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਪਾਰਟੀ ਨਾਲ ਕੇਜਰੀਵਾਲ ਦੀ ਸਾਂਝ ਨੇ ਦੱਸ ਦਿੱਤਾ ਹੈ ਕਿ ਇਨ੍ਹਾਂ ਦੀ ਸੋਚ ਵੀ ਕਾਂਗਰਸ ਪਾਰਟੀ ਵਾਂਗ ਪੰਜਾਬ ਵਿਰੋਧੀ ਹੈ। ਉਹ ਅੱਜ ਇੱਥੇ ਯੂਥ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੂੰ ਦਿਸ਼ਾਹੀਣ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਨ ਤੇ ਹੁਣ ਵੀ ਅਕਾਲੀ ਦਲ ਦੇ ਨਾਲ ਹਨ ਪਰ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਝੂਠੇ ਦਾਅਵਿਆਂ ਅਤੇ ਵਾਆਦਿਆਂ ਨੂੰ ਵੇਖ ਕੇ ਲੋਕਾਂ ਨੇ ‘ਆਪ’ ਸਰਕਾਰ ਹੱਥ ਸੱਤਾ ਸੌਂਪੀ ਸੀ ਪਰ ਉਹ ਹੁਣ ਅਜਿਹਾ ਕਰ ਕੇ ਪਛਤਾ ਰਹੇ ਹਨ ਕਿਉਂਕਿ ਇਸ ਸਰਕਾਰ ਨੇ ਘਰ ਘਰ ਰੁਜ਼ਗਾਰ ਦੇਣ ਸਮੇਤ ਹੋਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।
ਇਸ ਉਪਰੰਤ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਡੱਟ ਕੇ ਖੜਨ। ਉਨ੍ਹਾਂ ਪੰਜਾਬ ਵਿੱਚ ਆਏ ਹੜ੍ਹਾਂ ਲਈ ਭਗਵੰਤ ਮਾਨ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਨੌਜਵਾਨਾਂ ਨੂੰ ਪੀੜਤਾਂ ਦੀ ਸੇਵਾ ਸੰਭਾਲ ਕਰਨ ਲਈ ਵੀ ਕਿਹਾ।
ਉਨ੍ਹਾਂ ਕਿਹਾ ਕਿ ਆ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਪਾਰਟੀ ਪ੍ਰਤੀ ਸਮਰਪਿਤ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾਵੇਗਾ ਤਾਂ ਜੋ ਅਕਾਲੀ ਦਲ ਦਾ ਮੇਅਰ ਬਣਾਕੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦੂਰ ਕੀਤੀਆਂ ਜਾ ਸੱਕਣ। ਇਸ ਮੌਕੇ ਅਕਾਲੀ ਆਗੂ ਡਾ. ਹਿਤੇਸ਼ਇੰਦਰ ਸਿੰਘ ਗਰੇਵਾਲ ਨੇ ਸ੍ਰੀ ਝਿੰਜਰਾ ਅਤੇ ਹੋਰ ਆਏ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਨੌਜਵਾਨਾਂ ਦੀ ਸਾਰ ਲਈ ਹੈ ਅਤੇ ਭਵਿੱਖ ਵਿੱਚ ਵੀ ਇਹ ਨੌਜਵਾਨਾਂ ਦੇ ਸਾਰੇ ਮਸਲੇ ਹੱਲ ਕਰੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਬੱਬਲ, ਮਨਪ੍ਰੀਤ ਸਿੰਘ ਮੰਨਾ, ਪ੍ਰਭਜੋਤ ਸਿੰਘ ਧਾਲੀਵਾਲ ਅਤੇ ਭੁਪਿੰਦਰ ਸਿੰਘ ਭਿੰਦਾ ਆਦਿ ਵੀ ਹਾਜ਼ਰ ਸਨ।