‘ਆਪ’ ਕਾਰਕੁਨਾਂ ਨੇ ਬਿਜਲੀ ਬਿਲਾਂ ਦੀ ‘ਹੋਲੀ’ ਫੂਕੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਅਗਸਤ
ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਨਾਇਬ ਸਿੰਘ ਪਟਾਕ ਮਾਜਰਾ ਦੀ ਅਗਵਾਈ ਵਿੱਚ ਪਿੰਡ ਰਾਮ ਸਰਨ ਮਾਜਰਾ ਵਿੱਚ ਘਰਾਂ ਦੇ ਬਿਜਲੀ ਦੇ ਬਿਲ ਵੱਧ ਆਉਣ ਦੇ ਵਿਰੋਧ ਵਿੱਚ ਆਪ ਕਾਰਕੁਨਾਂ ਨੇ ਬਿਲਾਂ ਦੀ ‘ਹੋਲੀ’ ਸਾੜੀ। ਇਸ ਮੌਕੇ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਲੈ ਕੇ ਵੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਨੇਤਾ ਪਟਾਕ ਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ’ਤੇ ਭਾਰੀ ਬਿਜਲੀ ਬਿਲ ਥੋਪ ਕੇ ਅਨਿਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਦੇ ਘਰਾਂ ਵਿਚ ਵਾਧੂ ਬਿਜਲੀ ਬਿਲ ਭੇਜ ਕੇ ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਹੇ ਲੋਕਾਂ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਤੇ ਪੰਜਾਬ ਵਿੱਚ ਬਿਜਲੀ 300 ਤੋਂ 600 ਯੂਨਿਟ ਤਕ ਮੁਫ਼ਤ ਹੈ, ਉਸੇ ਤਰਜ਼ ’ਤੇ ਹਰਿਆਣਾ ਸਰਕਾਰ ਵੀ ਲੋਕਾਂ ਦੇ ਘਰਾਂ ਦੇ ਬਿਜਲੀ ਯੂਨਿਟ ਮੁਫ਼ਤ ਕਰੇ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਦਿੱਲੀ ਤੇ ਪੰਜਾਬ ਦੀ ਤਰਜ਼ ਉੱਤੇ ਲੋਕਾਂ ਨੂੰ ਭਾਰੀ ਬਿਜਲੀ ਬਿਲਾਂ ਤੋਂ ਰਾਹਤ ਮਿਲੇਗੀ।
ਇਸ ਤਰ੍ਹਾਂ ਕਿਸਾਨਾਂ ਦਾ ਆਰਥਿਕ ਪਖੋਂ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 15 ਦੀ ਥਾਂ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਖ਼ਰਾਬ ਹੋਏ ਟਿਊਬਵੈੱਲਾਂ ਲਈ ਵੀ ਉਚਿੱਤ ਮੁਆਵਜ਼ਾ ਦੇਵੇ। ਉਨ੍ਹਾਂ ਸਰਕਾਰ ਤੋਂ ਕਿਸਾਨਾਂ ਦੇ ਟਿਊਬਵੈੱਲ ਤੇ ਘਰਾਂ ਦੇ ਛੇ ਮਹੀਨੇ ਦੇ ਬਿਜਲੀ ਬਿਲ ਤੇ ਬੈਂਕਾਂ ਦੇ ਕਰਜ਼ ਦਾ ਵਿਆਜ ਵੀ ਮੁਆਫ਼ ਕਰਨ ਦੀ ਮੰਗ ਕੀਤੀ। ਪਟਾਕ ਮਾਜਰਾ ਨੇ ਕਿਹਾ ਕਿ ਸੈਂਕੜੇ ਥਾਈਂ ਸਰਸਵਤੀ ਨਦੀ ਟੁੱਟਣ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ ਵਿਚ ਡੁੱਬ ਕੇ ਤਬਾਹ ਹੋ ਗਈ। ਇਸ ਮੌਕੇ ਸੁਭਾਸ਼ ਕਸੀਥਲ, ਸ਼ਾਮ ਲਾਲ ਭੁਖੜੀ, ਤਰਸੇਮ ਰਾਏ, ਰਾਜਿੰਦਰ ਸੈਣੀ, ਸੁਨੀਲ ਕੁਮਾਰ, ਬਾਲ ਕ੍ਰਿਸ਼ਨ ਸ਼ਰਮਾ, ਬਲੈਤੀ ਰਾਮ, ਨਰਾਤਾ ਰਾਮ , ਦੀਪਕ ਕੁਮਾਰ,ਕਰਮਵੀਰ ਲੋਹਟ, ਨਿਰਮਲ ਸਿੰਘ ਜੈ ਪਾਲ ਆਦਿ ਤੋਂ ਇਲਾਵਾ ਹੋਰ ਪਿੰਡ ਵਾਸੀ ਮੌਜੂਦ ਸਨ।