‘ਆਪ’ ਵੱਲੋਂ ਹਰਿਆਣਾ ’ਚ ਸਭ ਤੋਂ ਵੱਧ ਬੇਰੁਜ਼ਗਾਰੀ ਹੋਣ ਦਾ ਦੋਸ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਆਮ ਆਦਮੀ ਪਾਰਟੀ ਵੱਲੋਂ ਦੋਸ਼ ਲਾਇਆ ਗਿਆ ਕਿ ਹਰਿਆਣਾ ਵਿੱਚ ਸ਼ਭ ਤੋ ਵੱਧ ਬੇਰੁਜ਼ਗਾਰੀ ਹੈ। ‘ਆਪ’ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਐਕਸ ’ਤੇ ਹਰਿਆਣਾ ਸਰਕਾਰ ਨੂੰ ਘੇਰਿਆ। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਵੱਲੋਂ ਸੈਣੀ ਸਰਕਾਰ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਚੱਢਾ ਨੇ ਇੱਕ ਅਖ਼ਬਾਰ ਦੀ ਖ਼ਬਰ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਅੱਜ ਪੂਰੇ ਦੇਸ਼ ਵਿੱਚ ਹਰਿਆਣਾ ਵਿੱਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਹਜ਼ਾਰਾਂ ਗਰੈਜੂਏਟ ਨੌਜਵਾਨ ਸਫ਼ਾਈ ਸੇਵਕ ਬਣਨ ਲਈ ਕਤਾਰ ਵਿੱਚ ਖੜ੍ਹੇ ਹਨ। ਲੱਖਾਂ ਮਿਹਨਤੀ ਬੱਚਿਆਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੋਈ ਹੈ। ਆਪਣੇ ਬੱਚਿਆਂ ਨੂੰ ਕਾਬਲ ਬਣਾਉਣ ਲਈ ਮਾਪੇ ਉਨ੍ਹਾਂ ਨੂੰ ਸਿੱਖਿਅਤ ਕਰਨ ਲਈ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ ਪਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਹ ਨੌਜਵਾਨ ਛੋਟੀਆਂ-ਮੋਟੀਆਂ ਨੌਕਰੀਆਂ ਲਈ ਵੀ ਘਰ-ਘਰ ਜਾ ਕੇ ਸੰਘਰਸ਼ ਕਰਨ ਲਈ ਮਜਬੂਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਵਿੱਚ ਜ਼ਿਆਦਾਤਰ ਸਰਕਾਰੀ ਨੌਕਰੀਆਂ ਠੇਕੇ ’ਤੇ ਚੱਲ ਰਹੀਆਂ ਹਨ। ਖਾਲੀ ਅਸਾਮੀਆਂ ਦੀ ਭਰਤੀ ਲਈ ਨਾ ਤਾਂ ਅਸਾਮੀਆਂ ਸਮੇਂ ਸਿਰ ਭਰਨ ਲਈ ਇਸ਼ਤਿਹਾਰ ਆਉਂਦੇ ਹਨ ਅਤੇ ਨਾ ਹੀ ਪ੍ਰੀਖਿਆਵਾਂ ਸਮੇਂ ਸਿਰ ਕਰਵਾਈਆਂ ਜਾਂਦੀਆਂ ਹਨ। ਇਮਤਿਹਾਨ ਵੀ ਹੋਣ ਤਾਂ ਉਹ ਭ੍ਰਿਸ਼ਟਾਚਾਰ ਅਤੇ ਪੇਪਰ ਲੀਕ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਹਰਿਆਣਾ ਸਰਕਾਰ ਦੀ 10 ਸਾਲਾਂ ਦੀ ਪ੍ਰਾਪਤੀ ਹੈ।