‘ਆਪ’ ਵੱਲੋਂ ਮੁੱਖ ਸਕੱਤਰ ’ਤੇ ‘ਹਸਪਤਾਲ ਘੁਟਾਲੇ’ ਵਿੱਚ ਸ਼ਾਮਲ ਹੋਣ ਦਾ ਦੋਸ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਨਵੰਬਰ
ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ’ਤੇ ‘ਹਸਪਤਾਲ ਘੁਟਾਲੇ’ ਵਿੱਚ ਸ਼ਾਮਲ ਹੋਣ ਦੇ ਨਵੇਂ ਦੋਸ਼ ਲਾਏ ਹਨ। ਇਸ ਤੋਂ ਪਹਿਲਾਂ ਮੁੱਖ ਸਕੱਤਰ ’ਤੇ ਦਵਾਰਕਾ ਐਕਸਪ੍ਰੈਸ ਵੇਅ ਨਾਲ ਜੁੜੇ 850 ਕਰੋੜ ਰੁਪਏ ਦੇ ਜ਼ਮੀਨ ਮੁਆਵਜ਼ੇ ਦੇ ਘੁਟਾਲੇ ਸਬੰਧੀ ਦੋਸ਼ ਲੱਗੇ ਸਨ। ਆਮ ਆਦਮੀ ਪਾਰਟੀ ਅਨੁਸਾਰ ਨਰੇਸ਼ ਕੁਮਾਰ ਦੇ ਪੁੱਤਰ ਕਰਨ ਚੌਹਾਨ ਦੀ ਕੰਪਨੀ ਮੀਟਾਮੈਕਸ ਨੂੰ ਬਿਨਾਂ ਟੈਂਡਰ ਪ੍ਰਕਿਰਿਆ ਦੇ ਦਿੱਲੀ ਸਰਕਾਰ ਦੇ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਜਿ਼ (ਆਈਐੱਲਬੀਐੱਸ) ਹਸਪਤਾਲ ਲਈ ਏਆਈ ਸਾਫਟਵੇਅਰ ਵਿਕਸਿਤ ਕਰਨ ਦਾ ਠੇਕਾ ਦਿੱਤਾ ਗਿਆ ਸੀ। ਵਜਿੀਲੈਂਸ ਮੰਤਰੀ ਆਤਿਸ਼ੀ ਨੇ ਇਸ ਸਬੰਧੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਵਿਸਥਾਰਤ ਸਪਲੀਮੈਂਟਰੀ ਰਿਪੋਰਟ ਭੇਜੀ ਹੈ। ਰਿਪੋਰਟ ਅਨੁਸਾਰ ਕੰਪਨੀ ਦਾ ਗਠਨ ਸੌਦੇ ਤੋਂ ਸਿਰਫ ਅੱਠ ਮਹੀਨੇ ਪਹਿਲਾਂ ਹੋਇਆ ਸੀ ਤੇ ਉਸ ਕੋਲ ਅਜਿਹਾ ਇਕਰਾਰਨਾਮਾ ਕਰਨ ਲਈ ਲੋੜੀਂਦਾ ਤਜ਼ਰਬਾ ਨਹੀਂ ਹੈ। ਆਈਐੱਲਬੀਐੱਸ ਨੇ ਇੱਕ ਬਿਆਨ ਵਿੱਚ ਏਆਈ ਲਈ ਕਿਸੇ ਵੀ ਸਾਫਟਵੇਅਰ ਡਿਵੈਲਪਰ ਜਾਂ ਕੰਪਨੀ ਨੂੰ ਕੋਈ ਖਰੀਦ ਆਰਡਰ ਦੇਣ ਜਾਂ ਭੁਗਤਾਨ ਕਰਨ ਦੇ ਦੋਸ਼ ਨਕਾਰ ਦਿੱਤੇ ਹਨ।