ਨਵੇਂ ਕਲਾਕਾਰਾਂ ਲਈ ਮੌਕੇ ਪੈਦਾ ਕਰਨਾ ਚਾਹੁੰਦੈ ਆਮਿਰ ਖ਼ਾਨ
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਆਖਿਆ ਕਿ ਉਹ ਹਰ ਚੰਗੀ ਫਿਲਮ ਵਿੱਚ ਕੰਮ ਨਹੀਂ ਕਰ ਸਕਦਾ ਕਿਉਂਕਿ ਉਹ ਹੁਣ ਉਭਰਦੇ ਅਦਾਕਾਰਾਂ ਲਈ ਮੌਕੇ ਪੈਦਾ ਕਰਨਾ ਚਾਹੁੰਦਾ ਹੈ। ਇਸ ਲਈ ਫਿਲਮ ‘ਲਾਪਤਾ ਲੇਡੀਜ਼’ ਬਣਾਉਣ ਦਾ ਫ਼ੈਸਲਾ ਇਸੇ ਭਾਵਨਾ ਨਾਲ ਲਿਆ ਸੀ। ਕਿਰਨ ਰਾਓ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਬੀਤੀ ਸ਼ਾਮ ਸੁਪਰੀਮ ਕੋਰਟ ਵਿੱਚ ਜੱਜਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿਖਾਈ ਗਈ। ਇਸ ਦੌਰਾਨ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਆਮਿਰ ਖ਼ਾਨ ਅਤੇ ਕਿਰਨ ਰਾਓ ਦਾ ਸਵਾਗਤ ਕੀਤਾ। ਫਿਲਮ ਖ਼ਤਮ ਹੋਣ ਮਗਰੋਂ ਆਮਿਰ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਉਸ ਕੋਲ ਆਪਣੇ ਕਰੀਅਰ ਬਾਰੇ ਚਿੰਤਨ ਕਰਨ ਲਈ ਕਾਫ਼ੀ ਸਮਾਂ ਸੀ। ਉਸ ਨੇ ਕਿਹਾ, ‘‘ਮੈਂ ਉਸ ਵੇਲੇ 56 ਸਾਲ ਦਾ ਸੀ ਅਤੇ ਮੈਂ ਸੋਚਿਆ ਕਿ ਮੇਰੇ ਕੋਲ ਕੰਮ ਕਰਨ ਲਈ 15 ਹੋਰ ਸਾਲ ਹਨ। ਮੈਂ 70 ਸਾਲ ਦੀ ਉਮਰ ਤੱਕ ਕੰਮ ਕਰਾਂਗਾ। ਇਸ ਤੋਂ ਬਾਅਦ ਪਤਾ ਨਹੀਂ ਕੀ ਹੋਵੇਗਾ।’’ ਉਸ ਨੇ ਕਿਹਾ, ‘‘ਪਿਛਲੇ ਇੰਨੇ ਸਾਲਾਂ ਵਿੱਚ ਮੈਂ ਜੋ ਕੁਝ ਵੀ ਸਿੱਖਿਆ, ਉਹ ਮੈਂ ਫਿਲਮੀ ਦੁਨੀਆ ਨੂੰ ਵਾਪਸ ਦੇਣਾ ਚਾਹੁੰਦਾ ਹਾਂ। ਮੈਨੂੰ ਸਿਨੇ ਜਗਤ, ਸਮਾਜ ਅਤੇ ਦੇਸ਼ ਨੇ ਬਹੁਤ ਕੁਝ ਦਿੱਤਾ ਹੈ। ਮੈਂ ਸੋਚਿਆ ਕਿ ਅਦਾਕਾਰ ਵਜੋਂ ਮੈਂ ਸਾਲ ਵਿੱਚ ਇੱਕ ਫਿਲਮ ਕਰ ਰਿਹਾ ਹਾਂ ਪਰ ਨਿਰਮਾਤਾ ਵਜੋਂ ਤਾਂ ਕਈ ਫਿਲਮਾਂ ਬਣਾ ਸਕਦਾ ਹਾਂ।’’ -ਪੀਟੀਆਈ