‘ਆਪ’ ਦੇ ਰਾਜ ਵਿੱਚ ‘ਆਮ ਆਦਮੀ’ ਸਭ ਤੋਂ ਵੱਧ ਦੁਖੀ: ਸੁਖਬੀਰ
ਗੁਰਬਖਸ਼ਪੁਰੀ
ਤਰਨ ਤਾਰਨ, 7 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ੁਰੂ ਕੀਤੀ ‘ਪੰਜਾਬ ਬਚਾਓ ਯਾਤਰਾ’ ਦੇ ਅੱਜ ਸੱਤਵੇਂ ਦਿਨ ਉਨ੍ਹਾਂ ਨੇ ਤਰਨ ਤਾਰਨ ਵਿੱਚ ‘ਆਪ’ ਦੀਆਂ ਨੀਤੀਆਂ ਅਤੇ ਕਾਰਜਸ਼ੈਲੀ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ| ਉਨ੍ਹਾਂ ਨੇ ਜ਼ਿਲ੍ਹੇ ਅੰਦਰ ਯਾਤਰਾ ਸਰਹੱਦੀ ਕਸਬਾ ਝਬਾਲ ਤੋਂ ਸ਼ੁਰੂ ਕੀਤੀ ਜਿਸਨੇ ਗੋਇੰਦਵਾਲ ਸਾਹਿਬ ਜਾ ਕੇ ਪੜਾਅ ਕੀਤਾ| ਕਾਫਲੇ ’ਚ ਅਕਾਲੀ ਵਰਕਰ ਮੋਟਰਸਾਈਕਲਾਂ, ਜੀਪਾਂ, ਕਾਰਾਂ ਤੇ ਟਰੈਕਟਰ ਲੈ ਕੇ ਸ਼ਾਮਲ ਹੋਏ।
ਯਾਤਰਾ ਦੌਰਾਨ ਸੰਬੋਧਨ ਕਦਦਿਆਂ ਸੁਖਬੀਰ ਬਾਦਲ ਨੇ ਕਿਹਾ, ‘‘ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ ‘ਆਮ ਆਦਮੀ’ ਸਭ ਤੋਂ ਵੱਧ ਦੁਖੀ ਹਨ ਤੇ ਆਮ ਲੋਕਾਂ ਨੂੰ ਸੜਕਾਂ, ਸਟਰੀਟ ਲਾਈਟਾਂ ਤੇ ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਗਰੀਬਾਂ ਨੂੰ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੋਂ ਨਾਂਹ ਕੀਤੀ ਜਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਆਸਾਂ ’ਤੇ ਖਰੀ ਨਹੀਂ ਉਤਰ ਰਹੀ ਕਿਉਂਕਿ ਇਸ ਨੂੰ ‘ਰਿਮੋਟ’ ਨਾਲ ਦਿੱਲੀ ਤੋਂ ‘ਕੰਟਰੋਲ’ ਕੀਤਾ ਜਾ ਰਿਹਾ ਹੈ ਤੇ ਸਰਕਾਰ ਆਮ ਲੋਕਾਂ ਦੀਆਂ ਲੋੜਾਂ ਵੱਲ ਧਿਆਨ ਨਹੀਂ ਦੇ ਰਹੀ। ਇਸ ਦੌਰਾਨ ਕੁਝ ਲੋਕਾਂ ਵੱਲੋਂ ਆਟਾ-ਦਾਲ ਸਕੀਮ ’ਚੋਂ ਨਾਂ ਕੱਟੇ ਜਾਣ ਬਾਰੇ ਦੱਸਣ ’ਤੇ ਸਾਬਕਾ ਉਪ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਸੂਬੇ ’ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਮੁੜ ਇਹ ਸਹੂਲਤ ਦਿੱਤੀ ਜਾਵੇਗੀ। ਯਾਤਰਾ ਦੌਰਾਨ ਪਾਰਟੀ ਦੇ ਆਗੂ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਹਰਮੀਤ ਸਿੰਘ ਸੰਧੂ, ਅਲਵਿੰਦਰਪਾਲ ਸਿੰਘ ਪੱਖੋਕੇ, ਇਕਬਾਲ ਸਿੰਘ ਸੰਧੂ, ਰਵਿੰਦਰ ਸਿੰਘ ਬ੍ਰਹਮਪੁਰਾ ਆਦਿ ਮੌਜੂਦ ਸਨ।
ਤਰਨ ਤਾਰਨ ਨੂੰ ਦੁਨੀਆ ਦੇ ਨਕਸ਼ੇ ’ਤੇ ਉਭਾਰਨ ਦਾ ਵਾਅਦਾ
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਸੱਤਾ ਵਿਚ ਪਰਤਣ ’ਤੇ ਇਤਿਹਾਸਕ ਨਗਰੀ ਤਰਨ ਤਾਰਨ ਨੂੰ ਦੁਨੀਆਂ ਦੇ ਨਕਸ਼ੇ ’ਤੇ ਲਿਆਂਦਾ ਜਾਵੇਗਾ ਤੇ ਪੁਰਾਤਨ ਸ਼ਹਿਰ ਦੇ ਆਲੇ ਦੁਆਲੇ ਦੇ ਸਾਰੇ ਇਲਾਕੇ ਦਾ ਪੁਨਰ-ਨਿਰਮਾਣ ਕਰ ਕੇ ਇਥੇ ‘ਵਿਰਾਸਤੀ ਮਾਰਗ’ ਬਣਾਇਆ ਜਾਵੇਗਾ| ਖਡੂਰ ਸਾਹਿਬ ਹਲਕੇ ਦੀਆਂ ਮੰਗਾਂ ਬਾਰੇ ਉਨ੍ਹਾਂ ਕਿਹਾ ਕਿ ਸਾਰੀ ਸਰਹੱਦੀ ਪੱਟੀ ਦੇ ਵਿਕਾਸ ਵਾਸਤੇ ਵੱਖਰੀ ਯੋਜਨਾ ਬਣਾਈ ਜਾਵੇਗੀ ਅਤੇ ਉਦਯੋਗਾਂ ਨੂੰ ਇਸ ਇਲਾਕੇ ’ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਜਾਵੇਗਾ।