ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਏ
ਐੱਨਪੀ ਧਵਨ
ਪਠਾਨਕੋਟ, 23 ਨਵੰਬਰ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਹੋਈਆਂ ਜ਼ਿਮਨੀ ਚੋਣਾਂ ਵਿੱਚ ਭਾਰੀ ਜਿੱਤ ਮਿਲਣ ’ਤੇ ਪਾਰਟੀ ਵਰਕਰਾਂ ਵਿੱਚ ਮੁੜ ਉਤਸ਼ਾਹ ਪੈਦਾ ਹੋ ਗਿਆ ਹੈ ਅਤੇ ਇਸ ਜਿੱਤ ਨੂੰ ਲੈ ਕੇ ਅੱਜ ਪਾਰਟੀ ਵਰਕਰਾਂ ਨੇ ਪਟਾਕੇ ਚਲਾ ਕੇ ਅਤੇ ਢੋਲ ਦੀ ਥਾਪ ’ਤੇ ਭੰਗੜੇ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਸਰਨਾ ਅੱਡੇ ਵਿੱਚ ਅਤੇ ਸੁਜਾਨਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੰਟੂ ਵੱਲੋਂ ਲੱਡੂ ਵੰਡੇ ਗਏ। ਜਦ ਕਿ ਸਰਨਾ ਵਿਖੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਪਾਰਟੀ ਵਰਕਰਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਏ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਦੀ ਜਿੱਤ ਹੋਈ ਹੈ। ਖਾਸ ਤੌਰ ਤੇ ਬਾਬੇ ਨਾਨਕ ਦੀ ਧਰਤੀ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਸਹੀ ਫੈਸਲਾ ਲੈ ਕੇ ਪਾਰਟੀ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੂੰ ਜਿਤਾਇਆ।
ਤਰਨ ਤਾਰਨ (ਗੁਰਬਖਸ਼ਪੁਰੀ): ਸੂਬੇ ਅੰਦਰ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚੋਂ ਤਿੰਨ ਹਲਕਿਆਂ ਤੋਂ ਹਾਕਮ ਧਿਰ ਆਮ ਆਦਮੀ ਪਾਰਟੀ (ਆਪ) ਵੱਲੋਂ ਜੇਤੂ ਰਹਿਣ ਤੇ ਪਾਰਟੀ ਵਰਕਰਾਂ ਨੇ ਅੱਜ ਜ਼ਿਲ੍ਹੇ ਦੇ ਥਾਂ ਥਾਂ ’ਤੇ ਜਸ਼ਨ ਮਨਾਏ ਅਤੇ ਲੱਡੂ ਵੰਡੇ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਨੇ ਸਰਹੱਦੀ ਖੇਤਰ ਦੇ ਕਸਬਾ ਖੇਮਕਰਨ ਵਿੱਚ ਦੀ ਜਿੱਤ ਦੀ ਖੁਸ਼ੀ ਵਿੱਚ ਮਨਾਏ ਜਸ਼ਨ ਨੂੰ ਗੁਰਲਾਲ ਸਿੰਘ ਸਰਪੰਚ ਭਗਵਾਨਪੁਰਾ ਕਲਾਂ, ਰੇਸ਼ਮ ਸਿੰਘ ਸਰਪੰਚ ਪਿੰਡ ਕਲਸ, ਜਗਮੀਤ ਸਿੰਘ ਸਰਪੰਚ ਲੱਖਣਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਕ ਇਮਾਨਦਾਰ ਅਤੇ ਲੋਕ ਪੱਖੀ ਫੈਸਲੇ ਲੈਣ ਵਾਲੀ ਪਾਰਟੀ ਦੇ ਤੌਰ ’ਤੇ ਮਾਨਤਾ ਦੇ ਦਿੱਤੀ ਹੈ| ਪਾਰਟੀ ਵਰਕਰਾਂ ਨੇ ਤਰਨ ਤਾਰਨ, ਝਬਾਲ, ਸਰਹਾਲੀ, ਹਰੀਕੇ ਆਦਿ ਥਾਵਾਂ ਤੇ ਵੀ ਜਸ਼ਨ ਮਨਾਏ|