ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਜਿੱਤੇਗੀ: ਰਿੰਕੂ
ਪਾਲ ਸਿੰਘ ਨੌਲੀ
ਜਲੰਧਰ, 19 ਮਾਰਚ
ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਦਾਅਵਾ ਕੀਤਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਮ ਆਦਮੀ ਪਾਰਟੀ ਲੋਕ ਸਭਾ ਸੀਟ ਵੱਡੇ ਫਰਕ ਨਾਲ ਜਿੱਤੇਗੀ। ਸ੍ਰੀ ਰਿੰਕੂ ਨੇ ਕਿਹਾ ਕਿ ਜੋ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਦੋ ਸਾਲਾਂ ਦੇ ਕਾਰਜਕਾਲ ਵਿੱਚ ਪੰਜਾਬ ਵਿੱਚ ਕੀਤਾ ਹੈ, ਉਹ ਹੋਰ ਸਿਆਸੀ ਪਾਰਟੀਆਂ ਪਿਛਲੇ 70 ਸਾਲਾਂ ਵਿੱਚ ਵੀ ਨਹੀਂ ਕਰ ਸਕੀਆਂ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਸ਼ਿਕੰਜਾ ਕੱਸਣ, ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਘਰ-ਘਰ ਪਹੁੰਚਾਉਣਾ, ਮੁਫਤ ਬਿਜਲੀ ਆਦਿ ਸਮੇਤ ਕਈ ਇਤਿਹਾਸਕ ਫੈਸਲੇ ਲਏ ਗਏ ਹਨ। ਇਨ੍ਹਾਂ ਫੈਸਲਿਆਂ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਵੱਡਾ ਬਦਲਾਅ ਦੇਖਿਆ ਹੈ। ਉਨ੍ਹਾਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਜਲੰਧਰ ਲੋਕ ਸਭਾ ਸੀਟ ਦੀਆਂ ਆਗਾਮੀ ਚੋਣਾਂ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜਲੰਧਰ ਦੇ ਲੋਕ ਇਸ ਸੀਟ ’ਤੇ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਲਈ ਕਾਹਲੇ ਹਨ। ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਲਗਾਤਾਰ ਜਲੰਧਰ ਸੰਸਦੀ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਉਨ੍ਹਾਂ ਨੇ ਲੋਕ ਸਭਾ ਮੈਂਬਰ ਹੁੰਦਿਆਂ ਕੇਂਦਰ ਸਰਕਾਰ ਤੋਂ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਸ਼ੁਰੂ ਕਰਵਾਉਣ, ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਵਾਉਣ, ਨੈਸ਼ਨਲ ਹਾਈਵੇਅ ‘ਤੇ ਰੇਲਵੇ ਕਰਾਸਿੰਗਾਂ ’ਤੇ ਅੰਡਰਪਾਸ ਬਣਾਉਣ, ਦਕੋਹਾ ਫਲਾਈਓਵਰ ’ਤੇ ਨਵੇਂ ਅਟੈਚਮੈਂਟਾਂ ਦਾ ਨਿਰਮਾਣ, ਪੀਏਪੀ ਫਲਾਈਓਵਰ ਸਮੇਤ ਕਈ ਅਹਿਮ ਮੁੱਦੇ ਹੱਲ ਕਰਵਾਏ, ਜਿਸ ਨੇ ਜਲੰਧਰ ਦੇ ਵਿਕਾਸ ਵਿੱਚ ਮਦਦ ਕੀਤੀ। ਹਾਲ ਹੀ ’ਚ ਉਨ੍ਹਾਂ ਨੇ ਸੰਸਦ ’ਚ ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ’ਤੇ ਰੱਖਣ ਦੀ ਮੰਗ ਵੀ ਉਠਾਈ ਸੀ।