ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਚੋਣ ਪ੍ਰਚਾਰ ਭਖਾਿੲਆ
ਨਵੀਂ ਦਿੱਲੀ, 7 ਜਨਵਰੀ
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਪ੍ਰਚਾਰ ਗੀਤ ਜਾਰੀ ਕੀਤਾ। ਗੀਤ ‘ਫਿਰ ਲਾਏਂਗੇ ਕੇਜਰੀਵਾਲ’ ਤਿੰਨ ਮਿੰਟ 29 ਸਕਿੰਟ ਦਾ ਹੈ। ਇਹ ਗੀਤ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਉਪਲਬਧੀਆਂ ਨੂੰ ਦਰਸਾਉਂਦਾ ਹੈ।
ਗੀਤ ਜਾਰੀ ਕਰਨ ਮਗਰੋਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਚੋਣਾਂ ਨੂੰ ਤਿਉਹਾਰਾਂ ਵਾਂਗ ਮਨਾਉਂਦੇ ਹਨ ਅਤੇ ਲੋਕ ਸਾਡੇ ਗੀਤ ਦਾ ਇੰਤਜ਼ਾਰ ਕਰਦੇ ਹਨ। ਹੁਣ ਇਹ ਗੀਤ ਆ ਗਿਆ ਹੈ ਅਤੇ ਲੋਕ ਇਸ ’ਤੇ ਨੱਚ ਸਕਦੇ ਹਨ। ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਆਖਿਆ ਕਿ ਉਸ ਨੂੰ ਪਤਾ ਹੈ ਕਿ ਭਾਜਪਾ ਆਗੂਆਂ ਨੂੰ ਵੀ ਸਾਡਾ ਗੀਤ ਪਸੰਦ ਆਵੇਗਾ। ਉਹ ਆਪਣੇ ਕਮਰਿਆਂ ਵਿੱਚ ਸਾਡੇ ਗੀਤ ’ਤੇ ਨੱਚ ਸਕਦੇ ਹਨ। ਇਸ ਮੌਕੇ ਮੁੱਖ ਮੰਤਰੀ ਆਤਿਸ਼ੀ ਅਤੇ ‘ਆਪ’ ਦੇ ਆਗੂ ਮਨੀਸ਼ ਸਿਸੋਦੀਆ, ਸੌਰਭ ਭਾਰਦਵਾਜ, ਗੋਪਾਲ ਰਾਏ ਅਤੇ ਸੰਜੈ ਸਿੰਘ ਮੌਜੂਦ ਸਨ। ਚੋਣ ਗੀਤ ਜਾਰੀ ਕਰਨ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਕੌਮੀ ਰਾਜਧਾਨੀ ਵਿੱਚ ਆਪਣੀ ਪਕੜ ਬਣਾਉਣ ਲਈ ਯਤਨ ਤੇਜ਼ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਤੀਜੀ ਵਾਰ ਸੱਤਾ ਵਿੱਚ ਵਾਪਸੀ ਕਰਨ ਲਈ ਸਾਰੇ 70 ਵਿਧਾਨ ਸਭਾ ਖੇਤਰਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਚੋਣਾਂ ਦੀ ਮਿਤੀ ਦਾ ਐਲਾਨ ਹੋਣ ਮਗਰੋਂ ‘ਆਪ’ ਨੇ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ‘ਆਪ’ ਆਗੂਆਂ ਨੇ ਅੱਜ ਕਈ ਥਾਈਂ ਰੈਲੀਆਂ ਅਤੇ ਮੀਟਿੰਗਾਂ ਨੂੰ ਸੰਬੋਧਨ ਕੀਤਾ। -ਪੀਟੀਆਈ
ਮੁਕਾਬਲਾ ਕੰਮ ਅਤੇ ਗਾਲ਼ਾਂ ਦੀ ਰਾਜਨੀਤੀ ਵਿਚਾਲੇ : ਕੇਜਰੀਵਾਲ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ‘ਕੰਮ ਦੀ ਰਾਜਨੀਤੀ ਅਤੇ ਗਾਲੀ ਗਲੋਚ ਦੀ ਰਾਜਨੀਤੀ’ ਵਿਚਾਲੇ ਮੁਕਾਬਲਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਕੌਮੀ ਰਾਜਧਾਨੀ ਵਿੱਚ ਮੁੜ ਸਰਕਾਰ ਬਣਾਏਗੀ। ਜ਼ਿਕਰਯੋਗ ਹੈ ਦਿੱਲੀ ਵਿਧਾਨ ਸਭਾ ਚੋਣਾਂ ਪੰਜ ਫਰਵਰੀ ਨੂੰ ਹੋਣਗੀਆਂ ਅਤੇ ਨਤੀਜੇ ਅੱਠ ਫਰਵਰੀ ਨੂੰ ਆਉਣਗੇ। ਨਾਮਜ਼ਦਗੀਆਂ ਦਾਖਲ ਕਰਨ ਦੀ ਮਿਤੀ 17 ਜਨਵਰੀ ਹੈ। ਨਾਮਜ਼ਦਗੀਆਂ ਦੀ ਜਾਂਚ 18 ਜਨਵਰੀ ਨੂੰ ਕੀਤੀ ਜਾਵੇਗੀ। ਕੇਜਰੀਵਾਲ ਨੇ ਐਕਸ ’ਤੇ ਇੱਕ ਪੋਸਟ ਪਾਈ ਹੈ। ਇਸ ਵਿੱਚ ਕਿਹਾ ਹੈ ਕਿ ਇਹ ਚੋਣਾਂ ਕੰਮ ਦੀ ਰਾਜਨੀਤੀ ਅਤੇ ਗਾਲੀ ਗਲੋਚ ਦੀ ਰਾਜਨੀਤੀ ਵਿਚਾਲੇ ਹੋਣਗੀਆਂ। ਦਿੱਲੀ ਦੀ ਜਨਤਾ ਦਾ ਵਿਸ਼ਵਾਸ ਸਾਡੀ ਕੰਮ ਦੀ ਰਾਜਨੀਤੀ ਨਾਲ ਰਹੇਗਾ। ਅਸੀਂ ਜ਼ਰੂਰ ਜਿੱਤਾਂਗੇ। ਦੱਸਣਯੋਗ ਹੈ ਕਿ ਕੇਜਰੀਵਾਲ ਅਤੇ ‘ਆਪ’ ਦੇ ਆਗੂ ਭਾਜਪਾ ’ਤੇ ਗਾਲ੍ਹਾਂ ਕੱਢਣ ਦਾ ਦੋਸ਼ ਲਗਾਉਂਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਮੁੱਖ ਮੰਤਰੀ ਦੇ ਅਹੁਦੇ ਅਤੇ ਮੁੱਦਿਆਂ ਬਿਨਾਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਪੂਰੇ ਜੋਸ਼ੋ ਖਰੋਸ਼ ਨਾਲ ਚੋਣਾਂ ਵਿੱਚ ਕੁੱਦਣ ਦੀ ਅਪੀਲ ਕੀਤੀ। -ਪੀਟੀਆਈ