ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇਸ਼ਾਂਕ ਵੱਲੋਂ ਪਿੰਡਾਂ ਦੇ ਦੌਰੇ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 26 ਅਕਤੂਬਰ
ਹਲਕਾ ਚੱਬੇਵਾਲ ਦੇ ਸਾਰੇ ਪਿੰਡਾਂ ਵਿਚ ਗੁਰੂ-ਘਰਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ 18 ਫੁੱਟ ਚੌੜੀਆਂ ਬਣਵਾਈਆਂ ਜਾਣਗੀਆਂ। ਇਹ ਪ੍ਰਗਟਾਵਾ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ ਨੇ ਅੱਜ ਹਲਕਾ ਚੱਬੇਵਾਲ ’ਚ ਚੋਣ ਮੀਟਿੰਗ ਦੌਰਾਨ ਕੀਤਾ। ਡਾ. ਇਸ਼ਾਂਕ ਨੇ ਨਡਾਲੋਂ ਦੇ ਪੁਲ ਅਤੇ ਇਸ ਪੁਲ ਤੋਂ ਪੰਜੌੜ ਤੱਕ ਜਾਣ ਵਾਲੀ ਨਵੀਂ ਪੱਕੀ ਲਿੰਕ ਰੋਡ ਦਾ ਨਿਰਮਾਣ ਜਲਦੀ ਪੂਰਾ ਕਰਵਾਉਣ ਦਾ ਵੀ ਵਾਅਦਾ ਕੀਤਾ। ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਇਸ ਮੌਕੇ ਡਾ. ਇਸ਼ਾਂਕ ਦੇ ਨਾਲ ਜ਼ਿਮਨੀ ਚੋਣ ਦੀਆਂ ਤਿਆਰੀਆਂ ਲਈ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ’ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਮਖਸੂਸਪੁਰ, ਪੰਡੋਰੀ ਗੰਗਾ ਸਿੰਘ, ਪੰਜੌੜ, ਨਡਾਲੋਂ ਅਤੇ ਅਜਨੋਹਾ ਪਿੰਡਾਂ ਵਿੱਚ ਜਨਤਕ ਮੀਟਿੰਗਾਂ ਕੀਤੀਆਂ। ਇਸ ਮੌਕੇ ਕੁਸ਼ਲ ਕੁਮਾਰ ਮਖਸੂਸਪੁਰ, ਚਰਨਜੀਤ ਸਿੰਘ, ਗੁਰਮੇਲ ਸਿੰਘ, ਹੈਪੀ ਡਾਂਡੀਆਂ, ਮਨਪ੍ਰੀਤ ਕੌਰ, ਮਨਜਿੰਦਰ ਬਾਂਕਾ, ਡਾ. ਵਿਪਨ ਮੌਜੂਦ ਸਨ।
ਕੰਪਿਊਟਰ ਅਧਿਆਪਕਾਂ ਵੱਲੋਂ ‘ਆਪ’ ਉਮੀਦਵਾਰ ਦੇ ਘਰ ਬਾਹਰ ਮੁਜ਼ਾਹਰਾ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਬੀਤੀ ਦੇਰ ਸ਼ਾਮ ਸੂਬੇ ਭਰ ਤੋਂ ਕੰਪਿਊਟਰ ਅਧਿਆਪਕ ਚੱਬੇਵਾਲ ਵਿੱਚ ਇਕੱਠੇ ਹੋਏ। ਕੰਪਿਊਟਰ ਅਧਿਆਪਕਾਂ ਨੇ ਪਹਿਲਾਂ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ। ਇਸ ਮਗਰੋਂ ਅਧਿਆਪਕਾਂ ਨੇ ਚੱਬੇਵਾਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ ਦੇ ਘਰ ਅੱਗੇ ਪਹੁੰਚ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੰਪਿਊਟਰ ਅਧਿਆਪਕ ਆਗੂ ਪ੍ਰਦੀਪ ਮਲੂਕਾ, ਪਰਮਵੀਰ ਸਿੰਘ ਪੰਮੀ, ਜੋਨੀ ਸਿੰਗਲਾ, ਜਸਵੀਰ ਸਿੰਘ, ਊਧਮ ਸਿੰਘ ਡੋਗਰਾ, ਗੁਰਪ੍ਰੀਤ ਕੌਰ ਅਤੇ ਜੀਟੀਯੂ ਆਗੂ ਅਮਨਦੀਪ ਸ਼ਰਮਾ ਨੇ ਪੰਜਾਬ ਸਰਕਾਰ ’ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਇਆ। ਕੰਪਿਊਟਰ ਅਧਿਆਪਕਾਂ ਵੱਲੋਂ 3 ਨਵੰਬਰ ਨੂੰ ਮੁੜ ਗਿੱਦੜਬਾਹਾ ਵਿੱਚ ਸੂਬਾ ਪੱਧਰੀ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ।
ਪਿਤਾ ਵੱਲੋਂ ਪੁੱਤਰ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਚੱਬੇਵਾਲ ਉਪ ਚੋਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਪਿੰਡ ਮੰਨਣਹਾਣਾ ਵਿੱਚ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ ਦੇ ਹੱਕ ਵਿੱਚ ਪਿੰਡ ਵਾਸੀਆਂ ਨੂੰ ਲਾਮਬੰਦ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਨੇ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਬੇਮਿਸਾਲ ਵਿਕਾਸ ਕਾਰਜ ਕੀਤੇ ਹਨ।