ਪੰਜਾਬ ’ਚ ਆਮ ਆਦਮੀ ਸੁਰੱਖਿਅਤ ਨਹੀਂ: ਜਾਖੜ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਗਸਤ
ਇੱਥੇ ਸੁੰਦਰ ਨਗਰ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਗੈਂਗਸਟਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ, ਪੰਜਾਬ ਦੀਆਂ ਜੇਲ੍ਹਾਂ ਨੂੰ ਤਾਂ ਗੈਂਗਸਟਰ ਸੁਰੱਖਿਅਤ ਸਵਰਗ ਵਾਂਗ ਸਮਝਦੇ ਹਨ।
ਵੱਡੇ-ਵੱਡੇ ਗੈਂਗਸਟਰ ਇੱਥੇ ਰਹਿਣਾ ਚਾਹੁੰਦੇ ਹਨ। ਦੂਜੇ ਪਾਸੇ ਕਾਰੋਬਾਰੀ ਤੇ ਸਨਅਤਕਾਰ ਪੰਜਾਬ ਆਉਣ ਲਈ ਡਰਦੇ ਹਨ। ਆਮ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਹੁਣ ਇਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ। ਸ੍ਰੀ ਜਾਖੜ ਨੇ ਕਿਹਾ ਕਿ ਹੜ੍ਹ ਕਾਰਨ ਜਿੰਨਾ ਵੀ ਨੁਕਸਾਨ ਹੋਇਆ, ਉਸ ਲਈ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹਨ, ਕਿਉਂਕਿ ਉਨ੍ਹਾਂ ਨੇ ਸਮਾਂ ਰਹਿੰਦੇ ਇਸ ਆਫ਼ਤ ਨਾਲ ਨਜਿੱਠਣ ਲਈ ਪ੍ਰਬੰਧ ਨਹੀਂ ਕੀਤੇ ਤੇ ਨਾ ਹੀ ਇਸ ਸਬੰਧੀ ਕੋਈ ਮੀਟਿੰਗ ਕੀਤੀ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਮਹੀਨੇ ਲਈ ਇਸ਼ਤਿਹਾਰ ਰੋਕ ਲਓ ਤੇ ਉਹੀ ਪੈਸਾ ਹੜ੍ਹ ਪੀੜਤਾਂ ਦੀ ਮਦਦ ਲਈ ਲਾਓ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਵਾਰਡਬੰਦੀ ਦਾ ਵਿਰੋਧ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਹਾਰ ਨੂੰ ਦੇਖਦੇ ਹੋਏ ਮੌਜੂਦਾ ਸਰਕਾਰ ਨੇ ਬੁਖ਼ਲਾਹਟ ਵਿੱਚ ਆ ਕੇ ਵਾਰਡਬੰਦੀ ਗਲਤ ਤਰੀਕੇ ਨਾਲ ਕੀਤੀ ਹੈ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਸਭ ਦਾ ਸਨਮਾਨ ਕੀਤਾ।