ਆਧਾਰ ਕਾਰਡ : ਅਹਿਮ ਜਾਣਕਾਰੀ
ਇਕਵਾਕ ਸਿੰਘ ਪੱਟੀ
ਆਧਾਰ ਕਾਰਡ ਦੇ ਨਾਮ ਤੋਂ ਅੱਜ ਹਰ ਭਾਰਤੀ ਨਾਗਰਿਕ ਚੰਗੀ ਤਰ੍ਹਾਂ ਜਾਣੂ ਹੈ, ਪਰ ਇਸ ਦੇ ਬਾਵਜੂਦ ਕਿਤੇ ਨਾ ਕਿਤੇ ਇਸ ਸਬੰਧੀ ਕਈ ਭੁਲੇਖੇ ਪਏ ਹੀ ਰਹਿੰਦੇ ਹਨ, ਜਿਨ੍ਹਾਂ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ। ਜਿਵੇਂ ਆਧਾਰ ਕਾਰਡ ਦੀ ਅਧਿਕਾਰਤ ਵੈੱਬਸਾਈਟ ਮੁਤਾਬਿਕ, ‘ਆਧਾਰ ਇਕ 12 - ਨੰਬਰਾਂ ਦੀ ਬੇਤਰਤੀਬ ਸੰਖਿਆ ਹੈ ਜੋ ਅਥਾਰਟੀ ਵੱਲੋਂ ਨਿਰਧਾਰਿਤ ਤਸਦੀਕੀ ਪ੍ਰਕਿਰਿਆ ਪੱਖੋਂ ਸੰਤੁਸ਼ਟ ਹੋਣ ਤੋਂ ਬਾਅਦ ਯੂਆਈਡੀਏਆਈ ਵੱਲੋਂ ਭਾਰਤ ਦੇ ਨਾਗਰਿਕਾਂ ਨੂੰ ਜਾਰੀ ਕੀਤੀ ਜਾਂਦੀ ਹੈ। ਕੋਈ ਵੀ ਵਿਅਕਤੀ, ਜੋ ਭਾਰਤ ਦਾ ਨਾਗਰਿਕ ਹੈ, ਉਹ ਉਮਰ ਜਾਂ ਲਿੰਗ ਵੱਲ ਤਵੱਜੋ ਦਿੱਤੇ ਬਿਨਾਂ ਆਧਾਰ ਨੰਬਰ ਪ੍ਰਾਪਤ ਕਰਨ ਲਈ ਨਾਂ ਦਰਜ ਕਰ ਸਕਦਾ ਹੈ। ਇਸ ਲਈ ਚਾਹਵਾਨ ਨੂੰ ਆਪਣੀ ਮੁੱਢਲੀ ਅਤੇ ਬਾਇਓਮੈਟ੍ਰਿਕ ਸੂਚਨਾ ਦੇਣੀ ਹੁੰਦੀ ਹੈ। ਕਿਸੇ ਵੀ ਵਿਅਕਤੀ ਨੂੰ ਆਧਾਰ ਲਈ ਸਿਰਫ਼ ਇੱਕ ਵਾਰ ਰਜਿਸਟਰੇਸ਼ਨ ਕਰਵਾਉਣੀ ਹੁੰਦੀ ਹੈ ਅਤੇ ਗ਼ੈਰ-ਦੁਹਰਾਓ ਤੋਂ ਬਾਅਦ ਸਿਰਫ਼ ਇਕ ਆਧਾਰ ਤਿਆਰ ਹੁੰਦਾ ਹੈ। ਆਧਾਰ ਇਕ ਵਿਲੱਖਣ ਅਤੇ ਜੀਵਨ ਭਰ ਚੱਲਣ ਵਾਲਾ ਪਛਾਣ ਨੰਬਰ ਹੈ ਜਿਸ ਨੂੰ ਕਦੇ ਵੀ, ਕਿਤੇ ਵੀ ਆਨਲਾਈਨ ਪ੍ਰਮਾਣਿਤ ਕੀਤਾ ਜਾ ਸਕਦਾ ਹੈ।
ਮੁੱਢਲੀ ਜਾਣਕਾਰੀ ਤੋਂ ਭਾਵ ਨਾਮ, ਜਨਮ ਮਿਤੀ (ਜਾਂ ਉਮਰ), ਲਿੰਗ, ਪਤਾ, ਮੋਬਾਈਲ ਨੰਬਰ (ਵਿਕਲਪਕ) ਅਤੇ ਈਮੇਲ ਆਈਡੀ (ਵਿਕਲਪਕ) ਆਦਿ ਅਤੇ ਬਾਇਓਮੈਟ੍ਰਿਕ ਸੂਚਨਾ ਤੋਂ ਭਾਵ ਹੱਥਾਂ ਦੀਆਂ ਦਸ ਉਂਗਲਾਂ ਦੇ ਨਿਸ਼ਾਨ, ਦੋ ਪੁਤਲੀਆਂ ਸਕੈਨ ਅਤੇ ਚਿਹਰੇ ਦੀ ਤਸਵੀਰ ਆਦਿ। ਜ਼ਿਕਰਯੋਗ ਹੈ ਕਿ ਆਧਾਰ ਕਾਰਡ ਸਬੰਧੀ ਯੂਆਈਡੀਏਆਈ ਦੀ ਸ਼ੁਰੂਆਤ ਜਨਵਰੀ 2009 ਵਿੱਚ ਹੋਈ ਸੀ ਅਤੇ 12 ਜੁਲਾਈ 2016 ਤੋਂ ਬਾਕਾਇਦ ਇਹ ਇੱਕ ਮਹਿਕਮੇ ਵਜੋਂ ਕੰਮ ਕਰ ਰਿਹਾ ਹੈ। ਡਾਕ ਰਾਹੀਂ ਘਰ ਪਹੁੰਚੇ ਅਤੇ ਇੰਟਰਨੈੱਟ ਰਾਹੀਂ ਡਾਊਨਲੋਡ ਕੀਤੇ ਆਧਾਰ ਕਾਰਡ ਦੋਵੇਂ ਰੂਪਾਂ ਵਿੱਚ ਸਮਾਨ ਮਾਨਤਾ ਰੱਖਦਾ ਹੈ। ਵੈਬਸਾਈਟ ਰਾਹੀਂ ਹੁਣ ਤੁਸੀਂ ਕੁਝ ਕੀਮਤ ਅਦਾ ਕਰ ਕੇ ਆਧਾਰ ਪੀਵੀਸੀ ਕਾਰਡ ਵੀ ਆਰਡਰ ਕਰ ਸਕਦੇ ਹੋ।
ਅਕਸਰ ਹੀ ਵੇਖਣ ਵਿੱਚ ਆਉਂਦਾ ਹੈ ਕਿ ਆਧਾਰ ਕਾਰਡ ‘ਤੇ ਕਿਸੇ ਦੀ ਜਨਮ ਤਰੀਕ ਗ਼ਲਤ ਹੈ, ਕਿਸੇ ਦੀ ਤਸਵੀਰ ਪੁਰਾਣੀ ਹੋ ਚੁੱਕੀ ਹੈ, ਕਿਸੇ ਨੇ ਫ਼ੋਨ ਨੰਬਰ ਜਾਂ ਈ-ਮੇਲ ਆਈਡੀ ਬਦਲ ਲਈ ਹੈ, ਮੋਬਾਈਲ ਨੰਬਰ ਆਧਾਰ ਨਾਲ ਰਜਿਸਟਰਡ ਨਹੀਂ ਹੈ ਜਾਂ ਘਰ ਦਾ ਪਤਾ ਬਦਲ ਚੁੱਕਿਆ ਹੈ ਆਦਿ। ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀ ਹੈ?
ਜੇ ਨਵਜੰਮੇ ਬੱਚੇ ਦਾ ਆਧਾਰ ਬਣ ਚੁੱਕਿਆ ਹੈ ਤਾਂ ਯਾਦ ਰੱਖਣਾ ਕਿ ਉਸਦੇ ਇੱਕ ਪਾਸੇ ਛੋਟਾ ਕਰਕੇ ਜ਼ਰੂਰ ਲਿਖਿਆ ਹੁੰਦਾ ਹੈ ‘ਬਾਲ ਆਧਾਰ’, ਭਾਵ ਜਦ ਬੱਚਾ ਪੰਜ ਸਾਲ ਦਾ ਹੋ ਜਾਵੇਗਾ ਤਾਂ ਇਸ ਨੂੰ ਅੱਪਡੇਟ ਕਰਵਾਉਣਾ ਜ਼ਰੂਰੀ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਕਾਰਡ ਦਾ ਰੰਗ ਜਦ ਇੰਟਰਨੈੱਟ ਤੋਂ ਡਾਊਨਲੋਡ ਕਰਦੇ ਹੋ ਤਾਂ ਸਫ਼ੈਦ ਹੋਣ ਦੀ ਥਾਂ ਹਲਕਾ ਫਿਰੋਜ਼ੀ ਜਾਂ ਨੀਲੇ ਰੰਗ ਦਾ ਹੁੰਦਾ ਹੈ। ਜੇ ਤੁਸੀਂ ਬਾਲਗ ਹੋ ਅਤੇ ਆਧਾਰ ਬਣੇ ਨੂੰ ਦਸ ਸਾਲ ਹੋ ਹਏ ਹਨ ਤਾਂ ਨਿਯਮ ਅਨੁਸਾਰ ਇਸ ਨੂੰ ਅਪਡੇਟ ਕਰਵਾਉਣਾ ਜ਼ਰੂਰੀ ਹੈ। ਜੇ ਆਧਾਰ ਵਿੱਚ ਤੁਹਾਡਾ ਨਾਮ ਗ਼ਲਤ ਦਰਜ ਹੋ ਚੁੱਕਿਆ ਹੈ ਜਾਂ ਨਾਮ ਵਿਚ ਕੋਈ ਗ਼ਲਤੀ ਹੈ ਤਾਂ ਆਧਾਰ ਸੇਵਾ ਕੇਂਦਰ ਜਾ ਕੇ ਤੁਸੀਂ ਠੀਕ ਕਰਵਾ ਸਕਦੇ ਹੋ। ਜੀਵਨ ਵਿੱਚ ਤੁਸੀਂ ਦੋ ਵਾਰ ਹੀ ਆਧਾਰ ਕਾਰਡ ਉਤੇ ਆਪਣਾ ਨਾਮ ਬਦਲਵਾ ਸਕਦੇ ਹੋ।
ਜੇ ਆਧਾਰ ਕਾਰਡ ‘ਤੇ ਤੁਹਾਡੀ ਜਨਮ ਮਿਤੀ ਗ਼ਲਤ ਦਰਜ ਹੈ ਤਾਂ ਇਸ ਲਈ ਵੀ ਆਧਾਰ ਸੇਵਾ ਕੇਂਦਰ ਜਾ ਕੇ, ਠੀਕ ਕਰਵਾ ਸਕਦੇ ਹੋ ਪਰ ਜੀਵਨ ਵਿੱਚ ਤੁਸੀਂ ਇੱਕ ਵਾਰ ਹੀ ਅਜਿਹਾ ਕਰਵਾ ਸਕਦੇ ਹੋ। ਜੇ ਲਿੰਗ ਗ਼ਲਤ ਦਰਜ ਹੋਇਆ ਹੈ ਤਾਂ ਇਸ ਨੂੰ ਵੀ ਨਿਯਮਾਂ ਤਹਿਤ ਆਧਾਰ ਸੇਵਾ ਕੇਂਦਰ ਜਾ ਕੇ ਠੀਕ ਕਰਵਾਇਆ/ ਬਦਲਵਾਇਆ ਜਾ ਸਕਦਾ ਹੈ ਤੇ ਇਹ ਵੀ ਜੀਵਨ ਵਿੱਚ ਕੇਵਲ ਇੱਕ ਵਾਰ ਕਰਵਾ ਸਕਦੇ ਹੋ। ਮੋਬਾਈਲ ਨੰਬਰ, ਈਮੇਲ ਆਈਡੀ, ਬਾਇਓਮੈਟਿਰਕ ਆਦਿ ਅੱਪਡੇਟ ਕਰਵਾਉਣ ਲਈ ਵੀ ਆਧਾਰ ਸੇਵਾ ਕੇਂਦਰ ਜਾਣਾ ਪਵੇਗਾ। ਜੇ ਘਰ ਦਾ ਪਤਾ, ਘਰ ਬਲਦਣ ਕਰਕੇ ਜਾਂ ਗ਼ਲਤ ਲਿਖੇ ਹੋਣ ਕਰਕੇ ਦਰੁਸਤ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਦ ਵੀ ਲੋੜ ਪਵੇ ਤਾਂ ਠੀਕ ਕਰਵਾ ਸਕਦੇ ਹੋ। ਇਸ ਸਬੰਧੀ ਅਜੇ ਕੋਈ ਸੀਮਾ ਤੈਅ ਨਹੀਂ ਕੀਤੀ ਗਈ। ਘਰ ਦੇ ਪਤੇ ਸਮੇਤ, ਮੋਬਾਈਲ ਨੰਬਰ, ਈ-ਮੇਲ ਆਈਡੀ ਅਤੇ ਆਪਣੀ ਫ਼ੋਟੋ ਤੁਸੀਂ ਲੋੜ ਮੂਜਬ ਵਾਰ-ਵਾਰ ਅੱਪਡੇਟ ਕਰਵਾ ਸਕਦੇ ਹੋ।
ਹੋਰ ਵਧੇਰੇ ਜਾਣਕਾਰੀ ਤੁਸੀਂ ਆਧਾਰ ਦੀ ਅਧਿਕਾਰਤ ਵੈਬ-ਸਾਈਟ ‘ਤੇ ਜਾ ਕੇ ਹਾਸਲ ਕਰ ਸਕਦੇ। ਯਾਦ ਰਹੇ ਕਿ ਆਧਾਰ ਸੇਵਾ ਕੇਂਦਰ ਜਾਣ ਤੋਂ ਪਹਿਲਾਂ ਇਸੇ ਵੈਬਸਾਈਟ ਜਾਂ ਮੋਬਾਈਲ ਐਪ ਰਾਹੀਂ ਪਹਿਲਾਂ ਆਪਾਇੰਟਮੈਂਟ ਬੁੱਕ ਕਰਨੀ ਹੁੰਦੀ ਹੈ ਅਤੇ ਆਪਣੀ ਲੋੜ ਅਤੇ ਸਹੂਲਤ ਮੁਤਾਬਿਕ ਤੁਸੀਂ ਤਰੀਕ ਅਤੇ ਸਮਾਂ ਚੁਣ ਸਕਦੇ ਹੋ। ਆਧਾਰ ਦੀ ਵੈਬਸਾਈਟ https://uidai.gov.in/ ਹੈ।
ਸੰਪਰਕ: 98150-24920