ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਏ-ਜ਼ੋਨ ਯੁਵਕ ਮੇਲਾ ਅੱਜ ਤੋਂ
ਪੱਤਰ ਪ੍ਰੇਰਕ
ਅੰਮ੍ਰਿਤਸਰ, 16 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਅੰਮ੍ਰਿਤਸਰ ਜ਼ਿਲ੍ਹੇ ਦੇ ਕਾਲਜਾਂ ਦਾ ਏ-ਜ਼ੋਨ ਯੁਵਕ ਮੇਲਾ 17 ਤੋਂ 19 ਅਕਤੂਬਰ ਤਕ ਕਰਵਾਇਆ ਜਾ ਰਿਹਾ ਹੈ। ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ (ਵਿਦਿਆਰਥੀ ਭਲਾਈ) ਨੇ ਦੱਸਿਆ ਕਿ ਇਸ ਫੈਸਟੀਵਲ ਵਿੱਚ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ-ਕਲਾਕਾਰ ਭਾਗ ਲੈਣਗੇ। ਇਹ ਮੇਲਾ ਯੂਨੀਵਰਸਿਟੀ ਕੈਂਪਸ ਵਿੱਚ ਵੱਖ-ਵੱਖ ਥਾਵਾਂ ’ਤੇ ਕਰਵਾਇਆ ਜਾਵੇਗਾ, ਜਿਸ ਵਿਚ ਦਸਮੇਸ਼ ਆਡੀਟੋਰੀਅਮ, ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ, ਗੁਰੂ ਨਾਨਕ ਭਵਨ ਆਡੀਟੋਰੀਅਮ, ਕਾਨਫਰੰਸ ਹਾਲ ਅਤੇ ਆਰਕੀਟੈਕਚਰ ਵਿਭਾਗ ਸ਼ਾਮਲ ਹਨ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਦਸਮੇਸ਼ ਆਡੀਟੋਰੀਅਮ ਵਿੱਚ ਸਵੇਰੇ 10 ਵਜੇ ਕਾਸਟਿਊਮ ਪਰੇਡ, ਮਾਈਮ, ਮਿਮਿਕਰੀ, ਸਕਿੱਟ ਅਤੇ ਵੰਨ ਐਕਟ ਪਲੇਅ ਦੇ ਮੁਕਾਬਲੇ ਕਰਵਾਏ ਜਾਣਗੇ।
ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿੱਚ ਸਵੇਰੇ 10 ਵਜੇ ਮੁਕਾਬਲੇ ਸ਼ੁਰੂ ਹੋਣਗੇ ਅਤੇ ਇਸ ਸੈਂਟਰ ਵਿੱਚ ਕਲਾਸੀਕਲ ਇੰਸਟਰੂਮੈਂਟਲ (ਪਰਕਸ਼ਨ), ਕਲਾਸੀਕਲ ਇੰਸਟਰੂਮੈਂਟਲ (ਨਾਨ-ਪਰਕਸ਼ਨ), ਕਲਾਸੀਕਲ ਵੋਕਲ, ਫੋਕ ਆਰਕੈਸਟਰਾ ਦਾ ਆਯੋਜਨ ਕੀਤਾ ਜਾਵੇਗਾ। ਆਰਕੀਟੈਕਚਰ ਵਿਭਾਗ ਦੇ ਤੀਜੇ ਮੰਚ ‘ਤੇ ਪੇਂਟਿੰਗ ਆਨ ਦਾ ਸਪਾਟ, ਕਾਰਟੂਨਿੰਗ, ਕੋਲਾਜ, ਕਲੇ ਮਾਡਲਿੰਗ, ਆਨ ਦਾ ਸਪਾਟ ਫੋਟੋਗ੍ਰਾਫੀ ਕਰਵਾਈ ਜਾਵੇਗੀ।