ਮੰਗੋਲੀ ਜੱਟਾਂ ਦਾ ਨੌਜਵਾਨ ਆਸਟਰੇਲੀਆ ਵਿੱਚ ਜੇਲ੍ਹ ਅਫ਼ਸਰ ਬਣਿਆ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਅਗਸਤ
ਇੱਥੋਂ ਨੇੜਲੇ ਪਿੰਡ ਮੰਗੋਲੀ ਜੱਟਾਂ ਦਾ ਸੁਮਿਤ ਦੁਹਨ ਪੁੱਤਰ ਸੁਖਦੇਵ ਸਿੰਘ ਦੁਹਨ ਦੀ ਆਸਟਰੇਲੀਆ ਦੀ ਪਰਥ ਜੇਲ੍ਹ ਵਿਚ ਬਤੌਰ ਅਫਸਰ ਵਜੋਂ ਨਿੁਯਕਤੀ ਹੋਈ ਹੈ। ਇਸ ਕਾਰਨ ਉਸ ਦੇ ਪਿੰਡ ਤੇ ਨੇੜਲੇ ਖੇਤਰ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਪਰਿਵਾਰ ਨੇ ਮਠਿਆਈਆਂ ਵੰਡ ਕੇ ਖੁਸ਼ੀ ਮਨਾਈ। ਰਾਣੀ ਲਕਸ਼ਮੀ ਬਾਈ ਸਕੂਲ ਮੰਗੋਲੀ ਜੱਟਾਂ ਦਾ ਵਿਦਿਆਰਥੀ ਸਮਿਤ ਸ਼ੁਰੂ ਤੋਂ ਹੀ ਹੋਣਹਾਰ ਹੈ। ਉਹ ਹਮੇਸ਼ਾ ਹਰ ਜਮਾਤ ਵਿੱਚੋਂ ਅੱਵਲ ਆਉਂਦਾ ਸੀ। ਜਮ੍ਹਾਂ ਦੋ ਕਰਨ ਉਪਰੰਤ ਉਸ ਨੇ ਰਾਦੌਰ ਤੋਂ ਬੀਟੈੱਕ ਦੀ ਡਿਗਰੀ ਹਾਸਲ ਕੀਤੀ। ਇਸ ਮਗਰੋਂ ਸੁਮਿਤ 2018 ਵਿਚ ਆਸਟਰੇਲੀਆ ਚਲੇ ਗਿਆ। ਉਥੇ ਉਸ ਨੇ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਮਗਰੋਂ ਵਰਕ ਪਰਮਿਟ ਲੈਣ ਬਾਅਦ 2022 ਵਿਚ ਆਸਟਰੇਲੀਆ ਦੀ ਪੀਆਰ ਪ੍ਰਾਪਤ ਕੀਤੀ। ਆਸਟਰੇਲੀਆ ਵਿੱਚ ਡਿਪਾਰਟਮੈਂਟ ਆਫ ਜਸਟਿਸ ਦਾ ਟੈਸਟ ਪਾਸ ਕਰਨ ਤੋਂ ਬਾਅਦ ਚਾਰ ਦੌਰਾਂ ਦੇ ਔਖੇ ਇੰਟਰਵਿਊ ਨੂੰ ਪਾਸ ਕੀਤਾ। ਇਸ ਮਗਰੋਂ ਮੈਰਿਟ ਵਿਚ ਆਪਣਾ ਸਥਾਨ ਪੱਕਾ ਕੀਤਾ। ਮੈਰਿਟ ਵਿਚ ਸਥਾਨ ਹਾਸਲ ਕਰਕੇ ਉਸ ਨੇ ਆਸਟਰੇਲੀਆ ਵਿਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ। ਮਗਰੋਂ ਉਸ ਨੂੰ਼ ਪਰਥ ਜੇਲ੍ਹ ਦਾ ਅਫ਼ਸਰ ਨਿਯੁਕਤਾ ਕੀਤਾ ਗਿਆ। ਸੁਮਿਤ ਦੀ ਮਾਤਾ ਸੰਤੋਸ਼ ਕੁਮਾਰੀ ਤੇ ਚਾਚਾ ਕ੍ਰਿਪਾਲ ਸਿੰਘ ਦੁਹਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਇਸ ਉਪਲਬਧੀ ’ਤੇ ਬੜਾ ਮਾਣ ਹੈ। ਇਸ ਮੌਕੇ ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਵੀ ਸੁਮਿਤ ਦੁਹਨ ਵਾਂਗ ਮਿਹਨਤ ਕਰਨ ਦੀ ਅਪੀਲ ਕੀਤੀ।