ਪੀਜੀਆਈ ਵਿੱਚ ਮਾਂ ਦਾ ਇਲਾਜ ਕਰਾਉਣ ਆਏ ਨੌਜਵਾਨ ਨੂੰ ਲੁੱਟਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਗਸਤ
ਇੱਥੋਂ ਦੇ ਪੀਜੀਆਈ ਵਿੱਚ ਮਾਂ ਦਾ ਇਲਾਜ ਕਰਵਾਉਣ ਆਏ ਨੌਜਵਾਨ ਨਾਲ ਥ੍ਰੀ-ਵ੍ਹੀਲਰ ਵਿੱਚ ਸਵਾਰ ਦੋ ਨੌਜਵਾਨਾਂ ਵੱਲੋਂ ਝਪਟਮਾਰੀ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-11 ਦੀ ਪੁਲੀਸ ਨੇ ਕੇਸ ਦਰਜ ਕਰ ਕੇ ਇਕ ਝਪਟਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਦੂਜੇ ਦੀ ਭਾਲ ਜਾਰੀ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਦੀਪਕ ਵਾਸੀ ਖੁੱਡਾ ਲਾਹੌਰਾ ਵਜੋਂ ਹੋਈ ਹੈ। ਥਾਣਾ ਸੈਕਟਰ-11 ਦੀ ਪੁਲੀਸ ਨੇ ਇਹ ਕਾਰਵਾਈ ਸੰਦੀਪ ਸਿੰਘ ਵਾਸੀ ਮਾਲੇਰਕੋਟਲਾ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦੀ ਮਾਂ ਦਾ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ। ਉਹ ਮਾਂ ਲਈ ਨਾਰੀਅਲ ਪਾਣੀ ਲੈਣ ਵਾਸਤੇ ਪੀਜੀਆਈ ਤੋਂ ਬਾਹਰ ਆਇਆ ਤਾਂ ਇੱਕ ਥ੍ਰੀ-ਵ੍ਹੀਲਰ ਵਿੱਚ ਸਵਾਰ ਹੋ ਕੇ ਨਾਰੀਅਲ ਦੀ ਭਾਲ ਕਰ ਰਿਹਾ ਸੀ। ਇਸੇ ਦੌਰਾਨ ਥ੍ਰੀ-ਵ੍ਹੀਲਰ ਵਿੱਚ ਸਵਾਰ ਦੋ ਵਿਅਕਤੀ ਧਨਾਸ ਝੀਲ ਦੇ ਨਜ਼ਦੀਕ 20 ਹਜ਼ਾਰ ਰੁਪਏ ਨਗਦ, ਇਕ ਮੋਬਾਈਲ ਫੋਨ ਝਪਟ ਕੇ ਫ਼ਰਾਰ ਹੋ ਗਏ ਸਨ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-11 ਦੀ ਪੁਲੀਸ ਨੇ ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ।
ਥਾਣਾ ਸੈਕਟਰ-11 ਦੀ ਪੁਲੀਸ ਨੇ ਇਸ ਮਾਮਲੇ ਸਬੰਧੀ ਜਾਂਚ ਕਰਦਿਆਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਦੂਜੇ ਮੁਲਜ਼ਮ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।