For the best experience, open
https://m.punjabitribuneonline.com
on your mobile browser.
Advertisement

ਪਾਣੀਆਂ ’ਤੇ ਤੈਰਦੀ ਕਰੂਜ਼ ਜਹਾਜ਼ਾਂ ਦੀ ਦੁਨੀਆ

12:07 PM Oct 27, 2024 IST
ਪਾਣੀਆਂ ’ਤੇ ਤੈਰਦੀ ਕਰੂਜ਼ ਜਹਾਜ਼ਾਂ ਦੀ ਦੁਨੀਆ
Advertisement
ਅਸ਼ਵਨੀ ਚਤਰਥ

ਆਦਮੀ ਦਾ ਕੁਦਰਤ ਨਾਲ ਸ਼ੁਰੂ ਤੋਂ ਹੀ ਨੇੜੇ ਦਾ ਰਿਸ਼ਤਾ ਰਿਹਾ ਹੈ। ਕੁਦਰਤੀ ਵਾਤਾਵਰਨ ਵਿੱਚ ਰਹਿ ਕੇ ਜਲ, ਥਲ ਅਤੇ ਆਕਾਸ਼ ਦੇ ਨਜ਼ਾਰਿਆਂ ਨੂੰ ਤੱਕਣ ਦੀ ਉਸ ਦੀ ਸ਼ੁਰੂ ਤੋਂ ਹੀ ਇੱਛਾ ਰਹੀ ਹੈ। ਇਸ ਇੱਛਾ ਨੂੰ ਪੂਰਾ ਕਰਨ ਲਈ ਉਹ ਚੰਦਰਮਾ ’ਤੇ ਵੀ ਪਹੁੰਚ ਗਿਆ ਸੀ ਅਤੇ ਪੁਲਾੜ ਦੇ ਧੁਰ ਤੱਕ ਖੋਜ ਕਰਦਿਆਂ ਉਹ ਰੋਜ਼ਾਨਾ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ।
ਮਨੁੱਖ ਦਾ ਬੇੜੀਆਂ ਵਰਤ ਕੇ ਸਮੁੰਦਰਾਂ ਦੇ ਪਾਰ ਜਾਣ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਮਨੁੱਖੀ ਆਵਾਜਾਈ ਅਤੇ ਸਾਮਾਨ ਢੋਣ ਲਈ ਸਮੁੰਦਰੀ ਜਹਾਜ਼ਾਂ ਦੀ ਵਰਤੋਂ ਵੀ ਸਦੀਆਂ ਤੋਂ ਕੀਤੀ ਜਾ ਰਹੀ ਹੈ, ਪਰ ਸਮੁੰਦਰੀ ਜਹਾਜ਼ ਰਾਹੀਂ ਡਾਕ ਲੈ ਕੇ ਜਾਣ ਦੀ ਸ਼ੁਰੂਆਤ ਕਰੀਬ ਦੋ ਸੌ ਸਾਲ ਪਹਿਲਾਂ ਹੋਈ ਸੀ। ਇਹ ਸ਼ੁਰੂਆਤ ਸੰਨ 1822 ਵਿੱਚ ‘ਪੈਨਿਨਸੁਲਰ ਐਂਡ ਓਰੀਐਂਟਲ ਕੰਪਨੀ’ ਦੇ ਤਿੰਨ ਮਲਾਹਾਂ ਰਿਚਰਡ ਬਰਨ, ਬਰਾਡੀ ਮੈਕਗੀ ਅਤੇ ਆਰਥਰ ਐਂਡਰਸਨ ਨੇ ਕੀਤੀ ਸੀ। ਉਨ੍ਹਾਂ ਸਮੁੰਦਰੀ ਜਹਾਜ਼ ਰਾਹੀਂ ਯੂਰਪ ਦੇ ਤਿੰਨ ਉੱਘੇ ਇਲਾਕਿਆਂ ਲੰਡਨ, ਸਪੇਨ ਅਤੇ ਪੁਰਤਗਾਲ ਦਾ ਦੌਰਾ ਕੀਤਾ ਸੀ। ਉਨ੍ਹਾਂ ਦੀ ਇਸ ਯਾਤਰਾ ਦਾ ਮੰਤਵ ਡਾਕ ਦਾ ਸਾਮਾਨ ਪਹੁੰਚਾਉਣ ਲਈ ਨਵੇਂ ਢੰਗ ਤਰੀਕਿਆਂ ਦੀ ਖੋਜ ਕਰਨਾ ਸੀ।
ਇਸੇ ਕੰਪਨੀ ਵੱਲੋਂ ਬਾਅਦ ਵਿੱਚ ਸਮੁੰਦਰੀ ਜਹਾਜ਼ਾਂ ਰਾਹੀਂ ਸੈਰ-ਸਪਾਟੇ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਸੈਰ-ਸਪਾਟੇ ਲਈ ਵਰਤੇ ਜਾਂਦੇ ਸਮੁੰਦਰੀ ਜਹਾਜ਼ਾਂ ਨੂੰ ‘ਕਰੂਜ਼ ਜਹਾਜ਼’ ਜਾਂ ਫਿਰ ਸਿਰਫ਼ ‘ਕਰੂਜ਼’ ਕਿਹਾ ਜਾਂਦਾ ਹੈ। ਕਰੂਜ਼ ਜਹਾਜ਼ ਅਤੇ ਸਾਮਾਨ ਢੋਣ ਵਾਲੇ ਜਹਾਜ਼ ਵਿੱਚ ਕੁਝ ਫ਼ਰਕ ਹੁੰਦੇ ਹਨ ਜਿਵੇਂ ਕਿ ਕਰੂਜ਼ ਵਿੱਚ ਰੇਸਤਰਾਂ, ਕੈਸੀਨੋ, ਥੀਏਟਰ, ਸਵਿਮਿੰਗ ਪੂਲ, ਦੁਕਾਨਾਂ ਅਤੇ ਬਾਰ ਆਦਿ ਸਭ ਹੁੰਦੇ ਜਦ ਕਿ ਆਮ ਸਮੁੰਦਰੀ ਜਹਾਜ਼ ਉੱਤੇ ਇਹ ਸਾਰਾ ਕੁਝ ਨਹੀਂ ਹੁੰਦਾ ਬਲਕਿ ਸਾਮਾਨ ਲੈ ਜਾਣ ਲਈ ਹੀ ਜਗ੍ਹਾ ਬਣਾਈ ਹੁੰਦੀ ਹੈ।
ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸੰਨ 1831 ਵਿੱਚ ਬਣੇ ‘ਫਰਾਂਸਿਸਕੋ-1’ ਨਾਂ ਦੇ ਕਰੂਜ਼ ਜਹਾਜ਼ ਨੇ ਜੂਨ, 1833 ਵਿੱਚ ਸਭ ਤੋਂ ਪਹਿਲਾ ਸਫ਼ਰ ਇਟਲੀ ਦੇ ਸ਼ਹਿਰ ਨੈਪਲਸ ਤੋਂ ਸ਼ੁਰੂ ਕੀਤਾ ਸੀ ਜਿਸ ਵਿੱਚ ਯੂਰਪ ਦੇ ਸ਼ਾਹੀ ਘਰਾਣਿਆਂ ਦੇ ਮੈਂਬਰਾਂ ਅਤੇ ਉੱਚ-ਅਧਿਕਾਰੀਆਂ ਨੇ ਯੂਰਪ ਦੇ ਕਈ ਸ਼ਹਿਰਾਂ ਦੀ ਸੈਰ ਕੀਤੀ ਸੀ। ਸਮੁੰਦਰੀ ਜਹਾਜ਼ ਨੂੰ ਸੈਰ-ਸਪਾਟੇ ਲਈ ਪ੍ਰਚੱਲਿਤ ਕਰਨ ਦਾ ਸਿਹਰਾ ਬਰਤਾਨੀਆ ਦੀ ਕੰਪਨੀ ‘ਪੈਨਿਨਸੁਲਰ ਐਂਡ ਓਰੀਐਂਟਲ’ ਦੇ ਸਿਰ ਹੀ ਬੱਝਦਾ ਹੈ ਜਿਸ ਨੇ ਕਰੂੁਜ਼ ਜਹਾਜ਼ ਵਿੱਚ ਛੁੱਟੀਆਂ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਕਰੂਜ਼ ਜਹਾਜ਼ਾਂ ਨੂੰ ਹੋਰ ਮਸ਼ਹੂਰ ਕਰਨ ਅਤੇ ਇਸ ਨੂੰ ਉਦਯੋਗ ਦੇ ਰੂਪ ਵਿੱਚ ਵਿਕਸਿਤ ਕਰਨ ਲਈ ‘ਹੈਮਬਰਗ’ ਨਾਂ ਦੀ ਕੰਪਨੀ ਨੇ ‘ਅਗਸਤਾ ਵਿਕਟੋਰੀਆ’ ਨਾਂ ਦੇ ਜਹਾਜ਼ ਦੀ ਸੇਵਾ ਸ਼ੁਰੂ ਕੀਤੀ ਸੀ। ਇਸ ਜਹਾਜ਼ ਨੇ 22 ਜਨਵਰੀ, 1891 ਨੂੰ ਜਰਮਨੀ ਤੋਂਂ ਸਫ਼ਰ ਸ਼ੁਰੂ ਕਰਕੇ 22 ਮਾਰਚ, 1891 ਤੱਕ ਭੂ-ਮੱਧ ਸਾਗਰ ਦਾ ਦੌਰਾ ਕੀਤਾ ਸੀ। ਸਮਾਂ ਪਾ ਕੇ ਇਨ੍ਹਾਂ ਜਹਾਜ਼ਾਂ ਨੂੰ ਮਨੋਰੰਜਨ ਦੇ ਸਾਧਨ ਦੇ ਤੌਰ ’ਤੇ, ਛੁੱਟੀਆਂ ਬਿਤਾਉਣ ਵਾਸਤੇ, ਵਿਆਹ ਸ਼ਾਦੀਆਂ ਕਰਨ, ਪਾਰਟੀਆਂ ਕਰਨ, ਹਨੀਮੂਨ ਮਨਾਉਣ ਅਤੇ ਨੌਜਵਾਨ ਜੋੜਿਆਂ ਵੱਲੋਂ ਵਿਆਹ ਸਬੰਧੀ ਪ੍ਰਸਤਾਵ ਰੱਖਣ ਆਦਿ ਜਿਹੇ ਜਸ਼ਨਾਂ ਲਈ ਵਰਤਿਆ ਜਾਣ ਲੱਗ ਪਿਆ। ਫਿਰ 1980 ਤੋਂ ਬਾਅਦ ਤਾਂ ਇਨ੍ਹਾਂ ਦੀ ਮੰਗ ਕਾਫ਼ੀ ਵਧ ਗਈ। ਦਸੰਬਰ 2021 ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੀਆਂ 54 ਕੰਪਨੀਆਂ ਦੇ ਕੁਲ 554 ਕਰੂਜ਼ ਜਹਾਜ਼ ਵੱਖ-ਵੱਖ ਸਮੁੰਦਰਾਂ ਵਿੱਚ ਚੱਲ ਰਹੇ ਹਨ ਜਿਨ੍ਹਾਂ ਵਿੱਚ ਛੇ ਲੱਖ ਦੇ ਕਰੀਬ ਯਾਤਰੀਆਂ ਨੂੰ ਲੈ ਕੇ ਜਾਣ ਦੀ ਸਮਰੱਥਾ ਹੈ।
ਕਰੂਜ਼ ਜਹਾਜ਼ਾਂ ਦੀ ਸਭ ਤੋਂ ਵੱਡੀ ਕੰਪਨੀ ‘ਕਾਰਨੀਵਲ ਕਾਰਪੋਰੇਸ਼ਨ’ ਹੈ ਜਿਸ ਦੇ 100 ਦੇ ਕਰੀਬ ਜਹਾਜ਼ ਹਨ। ਪੰਜਾਹ ਸਾਲਾਂ ਤੋਂ ਕੰਮ ਕਰ ਰਹੀ ਇਸ ਕੰਪਨੀ ਵਿੱਚ 40,000 ਕਰਮਚਾਰੀ ਕੰਮ ਕਰਦੇ ਹਨ। ਦੂਜੇ ਨੰਬਰ ਦੀ ਵੱਡੀ ਕੰਪਨੀ ‘ਰੌਇਲ ਕੈਰੀਬੀਅਨ ਇੰਟਰਨੈਸ਼ਨਲ’ ਹੈ ਜਿਸ ਦੇ 26 ਜਹਾਜ਼ ਹਨ। ਅਸਲ ਵਿੱਚ ਕਰੂਜ਼ ਜਹਾਜ਼ਾਂ ਦਾ ਉਦਯੋਗ ਅਜੋਕੇ ਸਮੇਂ ਦਾ ਇੱਕ ਵਧੀਆ ਵਪਾਰ ਬਣ ਚੁੱਕਾ ਹੈ। ਸੰਨ 1960 ਤੋਂ ਪਹਿਲਾਂ ਦੇ ਜਹਾਜ਼ ਸਾਧਾਰਨ ਕਿਸਮ ਦੇ ਹੋਇਆ ਕਰਦੇ ਸਨ, ਪਰ ਇਸ ਤੋਂ ਬਾਅਦ ਹਵਾਈ ਜਹਾਜ਼ਾਂ ਦਾ ਰੁਝਾਨ ਕਾਫ਼ੀ ਵਧ ਗਿਆ ਜਿਸ ਕਰਕੇ ਕਰੂਜ਼ ਕੰਪਨੀਆਂ ਨੂੰ ਵੀ ਮੁਕਾਬਲਾ ਕਰਨ ਲਈ ਵੱਧ ਸਹੂਲਤਾਂ ਦੇਣੀਆਂ ਪਈਆਂ। ਅਜੋਕੇ ਸਮੇਂ ਵਿੱਚ ਇਨ੍ਹਾਂ ਵਿੱਚ ਪੰਜ ਤਾਰਾ ਹੋਟਲਾਂ ਵਰਗੀਆਂ ਸਹੂਲਤਾਂ ਅਤੇ ਆਧੁਨਿਕ ਯੁੱਗ ਦੇ ਐਸ਼ੋ ਆਰਾਮ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਸਪਾ, ਜਿਮ, ਨਹਾਉਣ ਲਈ ਗਰਮ ਟੱਬ, ਬਾਰ, ਹੋਟਲ, ਕਲੱਬ, ਬੱਚਿਆਂ ਦੀਆਂ ਖੇਡਾਂ, ਥੀਏਟਰ, ਲਾਇਬ੍ਰੇਰੀ, ਪਾਣੀ ਦੇ ਸਲਾਈਡ ਅਤੇ ਧੁੱਪ ਸੇਕਣ ਲਈ ਹਰੇ ਕਚੂਰ ਘਾਹ ਵਾਲੇ ਲਾਅਨ ਆਦਿ। ਅਸਲ ਵਿੱਚ ਇਹ ਇੱਕ ਵਧੀਆ ਸੈਰ-ਸਪਾਟਾ ਉਦਯੋਗ ਬਣ ਚੁੱਕਾ ਹੈ ਜਿਸ ਦੀ ਸਾਲਾਨਾ ਆਮਦਨ ਤੀਹ ਬਿਲੀਅਨ ਅਮਰੀਕੀ ਡਾਲਰ ਦੇ ਕਰੀਬ ਹੈ। ਮੌਜੂਦਾ ਸਮੇਂ ਵਿੱਚ ‘ਰੌਇਲ ਕੈਰੇਬੀਆਈ ਕੰਪਨੀ’ ਦੇ ਜਹਾਜ਼ ਸਭ ਤੋਂ ਵੱਡੇ ਹਨ। ਕੰਪਨੀ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ‘ਆਈਕਨ ਆਫ ਦਿ ਸੀਜ਼’ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਹੈ। ਇਸ 1198 ਫੁੱਟ ਲੰਮੇ ਜਹਾਜ਼ ਵਿੱਚ 5610 ਯਾਤਰੀ ਬੈਠ ਸਕਦੇ ਹਨ ਅਤੇ 2350 ਕਰਮਚਾਰੀਆਂ ਦੇ ਰਹਿਣ ਲਈ ਜਗ੍ਹਾ ਵੱਖਰੀ ਹੈ। ਸੈਰ-ਸਪਾਟਾ ਉਦਯੋਗ ਨੂੰ ਹੁਲਾਰਾ ਦੇਣ ਲਈ ਕੰਪਨੀਆਂ ਆਪਣੇ ਜਹਾਜ਼ਾਂ ਵਿੱਚ ਨਵੀਆਂ ਤੋਂ ਨਵੀਆਂ ਤਕਨੀਕਾਂ ਸ਼ਾਮਲ ਕਰਦੀਆਂ ਰਹਿੰਦੀਆਂ ਹਨ। 19 ਜੁਲਾਈ, 2024 ਨੂੰ ‘ਯੂਟੋਪੀਆ ਆਫ ਦਿ ਸੀਜ਼’ ਨਾਂਅ ਦੇ ਨਵੇਂ ਉਤਾਰੇ ਗਏ ਜਹਾਜ਼ ਵਿੱਚ ਬਾਲਣ ਦੇ ਤੌਰ ’ਤੇ ਕੁਦਰਤੀ ਗੈਸ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ।
ਕਰੂਜ਼ ਜਹਾਜ਼ਾਂ ਦੀ ਇੱਕ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਦੀ ਵਰਤੋਂ ਆਮ ਹਾਲਤਾਂ ਵਿੱਚ ਸੈਰ ਸਪਾਟੇ ਲਈ ਕੀਤੀ ਜਾਂਦੀ ਹੈ ਅਤੇ ਯੁੱਧ ਸਮੇਂ ਇਨ੍ਹਾਂ ਦੀ ਵਰਤੋਂ ਜੰਗੀ ਕੰਮਾਂ ਲਈ ਕੀਤੀ ਜਾ ਸਕਦੀ ਹੈ ਜਿਵੇਂ ਕਿ ਦੂਜੇ ਵਿਸ਼ਵ ਯੁੱਧ (1939-45) ਵੇਲੇ ਹੋਇਆ ਸੀ। ਉਦੋਂ ਸਾਰੇ ਹੀ ਦੇਸ਼ਾਂ ਨੇ ਆਪਣੇ ਕਰੂਜ਼ ਜਹਾਜ਼ ਲੜਾਈ ਦੇ ਕੰਮਾਂ ਤੇ ਲਗਾ ਦਿੱਤੇ ਸਨ। ਇਹ ਵੀ ਵੇਖਿਆ ਗਿਆ ਹੈ ਸਮੇਂ ਅਤੇ ਹਾਲਾਤ ਅਨੁਸਾਰ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਹੋਰ ਕਈ ਕੰਮਾਂ ਲਈ ਵੀ ਕੀਤੀ ਜਾਂਦੀ ਰਹੀ ਹੈ ਜਿਵੇਂ ਕਿ ਸੰਨ 2004 ਦੀਆਂ ਓਲੰਪਿਕ ਖੇਡਾਂ ਦੌਰਾਨ ਹੋਟਲਾਂ ਦੀ ਕਮੀ ਕਰਕੇ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਬਾਹਰੋਂ ਆਏ ਦਰਸ਼ਕਾਂ ਨੂੰ ਠਹਿਰਾਉਣ ਲਈ ਕੀਤੀ ਗਈ ਸੀ। ਇਸੇ ਤਰ੍ਹਾਂ ਸਤੰਬਰ, 2005 ਵਿੱਚ ਅਮਰੀਕਾ ਦੇ ‘ਫਲੋਰਿਡਾ ਅਤੇ ਨਿਊੁ ਆਰਲਿਅਨਸ’ ਇਲਾਕਿਆਂ ਵਿੱਚ ਆਏ ‘ਕੈਟਰੀਨਾ’ ਤੂਫ਼ਾਨ ਦੌਰਾਨ ਉੱਜੜੇ ਲੋਕਾਂ ਨੂੰ ਸ਼ਰਨ ਦੇਣ ਲਈ ਕਰੂਜ਼ ਜਹਾਜ਼ ਵਰਤੇ ਗਏ ਸਨ।
ਦੁਨੀਆ ਦੇ ਸਭ ਤੋਂ ਵੱਧ ਪ੍ਰਚੱਲਿਤ ਸੈਰ-ਸਪਾਟੇ ਦੀ ਜਗ੍ਹਾ ‘ਕੈਰੇਬਿਆਈ ਟਾਪੂ’ ਹਨ। ਅਮਰੀਕਾ ਨੇੜੇ ਕੈਰੇਬੀਅਨ ਸਮੁੰਦਰ ਵਿੱਚ ਵੱਸੇ ਹੋਏ ਬਾਰਬਾਡੋਸ, ਜਮਾਇਕਾ,ਐਂਟੀਗੁਆ, ਡੋਮਨਿਕਾ,ਗੁਇਆਨਾ ਅਤੇ ਐਂਗੀਲਾ ਜਿਹੇ ਇਨ੍ਹਾਂ ਮਨਮੋਹਕ ਟਾਪੂਆਂ ਦੇ ਕੁਦਰਤੀ ਦ੍ਰਿਸ਼ਾਂ ਦਾ ਅਨੰਦ ਮਾਣਦਿਆਂ ਇਨ੍ਹਾਂ ਇਲਾਕਿਆਂ ਦੇ ਸੁਆਦਲੇ ਖਾਣਿਆਂ ਦਾ ਮਜ਼ਾ ਚੱਖ ਕੇ ਯਾਤਰੀ ਰੁਮਾਂਚਿਤ ਹੋ ਜਾਂਦੇ ਹਨ। ਸਮੁੰਦਰੀ ਜਹਾਜ਼ਾ ਤੋਂ ਇਲਾਵਾ ਦਰਿਆਈ ਪਾਣੀਆਂ ਵਿੱਚ ਵੀ ਕਰੂਜ਼ ਜਹਾਜ਼ਾਂ ’ਤੇ ਸੈਰ-ਸਪਾਟੇ ਦਾ ਸ਼ੌਕ ਵੀ ਕਾਫ਼ੀ ਪ੍ਰਚੱਲਿਤ ਹੋ ਰਿਹਾ ਹੈ। ਇਸ ਦੀ ਇੱਕ ਉਦਾਹਰਨ ‘ਗੰਗਾ ਵਿਲਾਸ’ ਨਾਂ ਦਾ ਕਰੂਜ਼ ਜਹਾਜ਼ ਉੱਤਰ ਪ੍ਰਦੇਸ਼ ਦੇ ਵਾਰਾਨਸੀ ਤੋਂ ਸ਼ੁਰੂ ਹੋ ਕੇ ਆਸਾਮ ਦੇ ਡਿਬਰੂਗੜ ਤੱਕ 3200 ਕਿਲੋਮੀਟਰ ਦਾ ਸਫ਼ਰ ਕਰਦਾ ਹੋਇਆ ਯਾਤਰਆਂ ਨੂੰ ਦਿਲ ਖਿੱਚਵੇਂ ਨਜ਼ਾਰੇ ਪੇਸ਼ ਕਰਦਾ ਹੈ। ਇਹ ਜਹਾਜ਼ ਸਾਰਨਾਥ, ਸੁੰਦਰਬਨ ਅਤੇ ਕਾਜ਼ੀਰੰਗਾ ਕੌਮੀ ਪਾਰਕ ਜਿਹੇ ਮਨੋਰੰਜਕ ਥਾਵਾਂ ’ਚੋਂ ਹੋ ਕੇ ਲੰਘਦਾ ਹੈ। ਇੱਕ ਹੋਰ ਮਨਮੋਹਕ ਕਰੂਜ਼ ਟੂਰ ਮੁੰਬਈ ਤੋਂ ਚੱਲ ਕੇ ਲਕਸ਼ਦੀਪ ’ਚੋਂ ਹੁੰਦਾ ਹੋਇਆ ਗੋਆ ਤੱਕ ਦਾ ਸਫ਼ਰ ਸੈਲਾਨੀਆਂ ਨੂੰ ਰੋਜ਼ਾਨਾ ਜ਼ਿੰਦਗੀ ਦੀ ਦੌੜ ਭੱਜ ਤੋਂ ਦੂਰ ਲੈ ਕੇ ਜਾਂਦਾ ਹੋਇਆ ਦਰਿਆਵਾਂ ਦੇ ਡੂੰਘੇ ਪਾਣੀਆਂ ਦੇ ਨਜ਼ਾਰਿਆਂ ਨਾਲ ਵਾਕਿਫ਼ ਕਰਾਉਂਦਾ ਹੈ।
ਸਮੁੰਦਰੀ ਜਹਾਜ਼ਾਂ ਨਾਲ ਕੁਝ ਅਣਸੁਖਾਵੀਆਂਂ ਘਟਨਾਵਾਂ ਵੀ ਜੁੜੀਆਂ ਹਨ। ਸੰਨ 1912 ਦਾ ‘ਟਾਈਟੈਨਿਕ’ ਨਾਂ ਦਾ ਜਹਾਜ਼ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੈ। 15 ਅਪਰੈਲ, 1912 ਵਾਲੇ ਦਿਨ ਇੱਕ ਬਰਫ਼ੀਲੀ ਚੱਟਾਨ ਨਾਲ ਟਕਰਾਉਣ ਮਗਰੋਂ ਇਹ ਵਿਸ਼ਾਲ ਜਾਹਾਜ਼ ਡੁੱਬ ਗਿਆ ਸੀ ਅਤੇ 1500 ਦੇ ਕਰੀਬ ਯਾਤਰੂਆਂ ਦੀ ਮੌਤ ਹੋ ਗਈ ਸੀ। ਕਰੂਜ਼ ਜਹਾਜ਼ਾਂ ਉੱਤੇ ਹੁੰਦੀਆਂ ਪਾਰਟੀਆਂ ਅਕਸਰ ਵਿਵਾਦਾਂ ’ਚ ਘਿਰੀਆਂ ਰਹਿੰਦੀਆਂ ਹਨ। ਇਨ੍ਹਾਂ ਪਾਰਟੀਆਂ ਵਿੱਚ ਉੱਚੀ ਪਹੁੰਚ ਵਾਲੇ ਲੋਕ ਸ਼ਾਮਿਲ ਹੁੰਦੇ ਹਨ ਅਤੇ ਉੱਥੇ ਗੈਰਕਨੂੰਨੀ ਨਸ਼ੇ ਦੀ ਖੁੱਲ੍ਹ ਕੇ ਵਰਤੋਂ ਹੁੰਦੀ ਹੈ। ਅਤੀਤ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ ਵੱਡਿਆਂ ਘਰਾਂ ਦੇ ‘ਕਾਕੇ-ਕਾਕੀਆਂ’ ਦੇ ਸ਼ਾਮਿਲ ਹੋਣ ਦੇ ਪ੍ਰਤੱਖ ਪ੍ਰਮਾਣ ਮੌਜੂਦ ਹਨ।
ਸੰਪਰਕ: 62842-20595

Advertisement

Advertisement
Advertisement
Author Image

sanam grng

View all posts

Advertisement