For the best experience, open
https://m.punjabitribuneonline.com
on your mobile browser.
Advertisement

ਪੀਆਰਟੀਸੀ ਦੀ ਬੱਸ ’ਚ ਔਰਤ ਨੇ ਬੱਚੇ ਨੂੰ ਜਨਮ ਦਿੱਤਾ

07:40 AM Mar 07, 2024 IST
ਪੀਆਰਟੀਸੀ ਦੀ ਬੱਸ ’ਚ ਔਰਤ ਨੇ ਬੱਚੇ ਨੂੰ ਜਨਮ ਦਿੱਤਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਲੰਬੀ/ਡੱਬਵਾਲੀ, 6 ਮਾਰਚ
ਮੰਡੀ ਕਿੱਲਿਆਂਵਾਲੀ ਵਿਖੇ ਬੱਸ ਅੱਡੇ ਵਿੱਚ ਅੱਜ ਸ਼ਾਮ ਪੀਆਰਟੀਸੀ ਦੀ ਬੱਸ ਵਿੱਚ ਇੱਕ ਗਰਭਵਤੀ ਮੁਸਾਫ਼ਿਰ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਸਰਕਾਰੀ ਹਸਪਤਾਲ ਡੱਬਵਾਲੀ ‘ਚ ਨਵਜੰਮੇ ਬੱਚੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਪੀਆਰਟੀਸੀ ਦੇ ਅੱਡਾ ਕੰਡਕਟਰ ਸੁਖਬੀਰ ਸਿੰਘ ਧਰਮੀ ਨੇ ਦੱਸਿਆ ਕਿ ਬਠਿੰਡਾ ਡਿਪੂ ਦੀ ਬੱਸ ਵਿੱਚ ਇੱਕ ਪੁਰਸ਼ ਅਤੇ ਔਰਤ ਸਵਾਰ ਹੋਏ ਸਨ। ਮੰਡੀ ਕਿੱਲਿਆਂਵਾਲੀ ਵਿਖੇ ਅੱਡੇ ਅੰਦਰ ਬੱਸ ਪੁੱਜਣ ‘ਤੇ ਸਵਾਰੀਆਂ ਉੱਤਰਨ ਸਮੇਂ ਔਰਤ ਦੀ ਸਿਹਤ ਵਿਗੜ ਗਈ। ਗਰਭਵਤੀ ਔਰਤ ਦੀ ਡਲਿਵਰੀ ਹੋਣ ਦਾ ਪਤਾ ਲੱਗਣ ‘ਤੇ ਬੱਸ ਡਰਾਈਵਰ ਜਗਤਾਰ ਅਤੇ ਕੰਡਕਟਰ ਮਨਪ੍ਰੀਤ ਨੇ ਬੱਸ ਨੂੰ ਤੁਰੰਤ ਹਸਪਤਾਲ ਲਿਜਾਣ ਦੀ ਪੇਸ਼ਕਸ਼ ਕੀਤੀ। ਬੱਸ ਵਿੱਚ ਸਵਾਰ ਇੱਕ ਨਰਸ ਤੇ ਦੋ ਹੋਰ ਮੁਸਾਫ਼ਰ ਔਰਤਾਂ ਵੱਲੋਂ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਬੱਸ ਅੰਦਰ ਹੀ ਡਲਿਵਰੀ ਕਰਵਾ ਦਿੱਤੀ। ਕਿਸਾਨ ਸੰਘਰਸ਼ ਕਾਰਨ ਰਸਤੇ ਬੰਦ ਹੋਣ ਕਰਕੇ ਔਰਤ ਅਤੇ ਨਵਜੰਮੇ ਬੱਚੇ ਨੂੰ ਈ-ਰਿਕਸ਼ਾ ’ਤੇ ਕਰੀਬ ਚਾਰ ਕਿਲੋਮੀਟਰ ਦੂਰ ਸਿਵਲ ਹਸਪਤਾਲ ਲਿਜਾਇਆ ਗਿਆ। ਔਰਤ ਦੇ ਸਹੁਰੇ ਮਹਿਮਾ ਸਰਜਾ ਵਿੱਚ ਹਨ। ਉਸ ਦਾ ਪਤੀ ਅੱਜ ਉਸ ਨੂੰ ਬੱਸ ‘ਤੇ ਪੇਕੇ ਪਿੰਡ ਹੈਬੂਆਨਾ ਛੱਡਣ ਲਈ ਆ ਰਿਹਾ ਸੀ। ਸਿਵਲ ਹਸਪਤਾਲ ਡੱਬਵਾਲੀ ਦੇ ਐਸਐਮਓ ਸੁਖਵੰਤ ਸਿੰਘ ਹੇਅਰ ਨੇ ਦੱਸਿਆ ਕਿ ਕਰੀਬ 24 ਸਾਲਾ ਔਰਤ ਪਿੰਕਾ ਛੇਵੇਂ-ਸੱਤਵੇਂ ਮਹੀਨੇ ਦੀ ਗਰਭਵਤੀ ਸੀ। ਪਤਾ ਲੱਗਿਆ ਕਿ ਬੱਸ ਵਿੱਚ ਕੂਹਣੀ ਆਦਿ ਲੱਗਣ ਕਰਕੇ ਸਮੇਂ ਤੋਂ ਪਹਿਲਾਂ ਔਰਤ ਦੀ ਡਲਿਵਰੀ ਹੋ ਗਈ। ਸਿਵਲ ਹਸਤਪਾਲ ‘ਚ ਡਿਊਟੀ ਡਾਕਟਰ ਸ਼ੈਲੀ ਅਤੇ ਡਾਕਟਰ ਉਮੇਸ਼ ਡਿਡਾਰਿਆ ਨੇ ਕਿਹਾ ਕਿ ਔਰਤ ਦਾ ਇਲਾਜ ਕੀਤਾ ਜਾ ਰਿਹਾ ਹੈ। ਬੱਚੇ ਦੀ ਮੌਤ ਡਲਿਵਰੀ ਤੋਂ ਕਾਫ਼ੀ ਸਮਾਂ ਪਹਿਲਾਂ ਹੋ ਚੁੱਕੀ ਸੀ।

Advertisement

Advertisement
Author Image

sukhwinder singh

View all posts

Advertisement
Advertisement
×